ਸੁੱਖਾ ਕਾਹਲਵਾਂ ਵਾਂਗ ਮਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਾਇਆ ਭੰਗੜਾ

Friday, Jun 29, 2018 - 07:53 AM (IST)

ਸੁੱਖਾ ਕਾਹਲਵਾਂ ਵਾਂਗ ਮਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਾਇਆ ਭੰਗੜਾ

ਜਲੰਧਰ, (ਵਰੁਣ)- ਸੁੱਖਾ ਕਾਹਲਵਾਂ ਵਾਂਗ ਭੋਗਪੁਰ ਦੇ ਗੁਰੂ ਨਾਨਕ ਮੁਹੱਲੇ ਵਿਚ ਮਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕਾਤਲਾਂ ਨੇ ਭੰਗੜਾ ਪਾਇਆ। ਇੰਨਾ ਹੀ ਨਹੀਂ ਕਾਤਲ ਅੱਧੇ ਘੰਟੇ ਤਕ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰ ਲਹਿਰਾਉਂਦੇ ਹੋਏ ਲੋਕਾਂ ਨੂੰ ਧਮਕਾਇਆ ਕਿ ਜੇਕਰ ਕਿਸੇ ਨੇ ਵੀ ਉਨ੍ਹਾਂ ਖਿਲਾਫ ਪੁਲਸ ਨੂੰ ਬਿਆਨ ਦਿੱਤੇ ਤਾਂ ਉਹ ਉਨ੍ਹਾਂ ਦੇ ਬੱਚਿਆਂ ਤਕ ਨੂੰ ਮਾਰ ਦੇਣਗੇ।
ਕਾਤਲਾਂ ਦੀ ਧਮਕੀ ਦੇ ਡਰ ਤੋਂ ਸਥਾਨਕ ਲੋਕ ਜ਼ਿਆਦਾ ਕੁੱਝ ਨਹੀਂ ਬੋਲੇ। ਮਨਪ੍ਰੀਤ ਮਨੀ ਨਾਲ ਰੰਜਿਸ਼ ਰੱਖਣ ਵਾਲਾ ਵਿਕਰਮਜੀਤ ਸਿੰਘ ਵਿੱਕੀ ਉਸ ਨਾਲ ਇੰਨੀ ਰੰਜਿਸ਼ ਰੱਖਦਾ ਸੀ ਕਿ ਪੂਰੇ ਪਲਾਨ ਨਾਲ ਮਨੀ ਦੀਆਂ ਲੱਤਾਂ ਨੂੰ ਵੱਢਣਾ ਸ਼ੁਰੂ ਕੀਤਾ। ਮਨੀ ਦੇ ਸਰੀਰ 'ਤੇ ਹਰ ਅੰਗ 'ਤੇ ਦਾਤ ਨਾਲ ਵੱਢਣ ਦੇ ਨਿਸ਼ਾਨ ਹਨ। ਉਸ ਨੂੰ ਭਜਾ-ਭਜਾ ਕੇ ਵੱਢਿਆ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਹਮਲਾਵਰ ਅੱਧੇ ਘੰਟੇ ਤਕ ਉਥੇ ਮੌਜੂਦ ਰਹੇ ਪਰ ਪੁਲਸ ਨੂੰ ਭਿਣਕ ਤਕ ਨਹੀਂ ਪਈ। ਮਨੀ ਨੂੰ ਖੂਨ ਨਾਲ ਲੱਥਪਥ ਛੱਡ ਕੇ 10 ਤੋਂ ਵੱਧ ਹਮਲਾਵਰਾਂ ਨੇ ਉਥੇ ਭੰਗੜਾ ਵੀ ਪਾਇਆ।  ਇਸ ਹੱਤਿਆ ਕਾਂਡ ਤੋਂ ਬਾਅਦ ਪੂਰਾ ਇਲਾਕਾ ਦਹਿਸ਼ਤ ਵਿਚ ਹੈ। ਹਮਲੇ ਵਿਚ ਮਨਪ੍ਰੀਤ ਦਾ ਦੋਸਤ ਜਸ਼ਨ ਵੀ ਜ਼ਖਮੀ ਹੋਇਆ ਹੈ। ਹੁਸ਼ਿਆਰਪੁਰ ਦੇ ਹਰਿਆਣਾ ਨੇੜੇ ਪੈਂਦੇ ਪਿੰਡ ਖਡਿਆਲਾ ਵਾਸੀ ਮਨਪ੍ਰੀਤ ਮਨੀ 2 ਮਹੀਨੇ ਤੋਂ ਭੋਗਪੁਰ ਦੇ ਗੁਰੂ ਨਾਨਕ ਮੁਹੱਲਾ ਵਿਚ ਕਿਰਾਏ 'ਤੇ ਰਹਿ ਰਿਹਾ ਸੀ।
ਲੁੱਟ ਦੇ ਕੇਸ 'ਚ ਫੜੇ ਜਾਣ 'ਤੇ ਮਨਪ੍ਰੀਤ ਕੱਢਦਾ ਸੀ ਵਿੱਕੀ ਦੀ ਗਲਤੀ
ਮਨਪ੍ਰੀਤ ਸਿੰਘ ਮਨੀ, ਵਿਕਰਮਜੀਤ ਸਿੰਘ, ਮਨਦੀਪ ਨੀਤਾ ਤੇ ਇਕ ਹੋਰ ਨੌਜਵਾਨ ਨੇ ਦਸੰਬਰ 2014 ਵਿਚ ਕਾਲਾ ਬੱਕਰਾ ਕੋਲ ਜਲੰਧਰ ਦੇ ਅਟਾਰੀ ਬਾਜ਼ਾਰ ਵਿਚ ਰੈਡੀਮੈਡ ਕੱਪੜੇ ਦੀ ਦੁਕਾਨ ਕਰਨ ਵਾਲੇ ਚੇਤਨ ਦੂਆ ਪੁੱਤਰ ਅਸ਼ੋਕ ਦੂਆ ਵਾਸੀ ਸੈਂਟਰਲ ਟਾਊਨ ਨੂੰ ਏਅਰ ਗੰਨ ਦਿਖਾ ਕੇ ਕਾਲਾ ਬੱਕਰਾ ਕੋਲ ਵਰਨਾ ਕਾਰ ਲੁੱਟੀ ਸੀ। ਕਾਰ ਲੁੱਟਣ ਤੋਂ ਬਾਅਦ ਜਦੋਂ ਫੜੇ ਗਏ ਤਾਂ ਮਨਪ੍ਰੀਤ ਮਨੀ ਅਕਸਰ ਵਿਕਰਮਜੀਤ ਨੂੰ ਜਤਾਉਂਦਾ ਸੀ ਕਿ ਪੁਲਸ ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਤਕ ਪਹੁੰਚੀ ਜਿਸ ਕਾਰਨ ਉਹ ਜੇਲ ਵਿਚ ਹਨ। ਇਸ ਗੱਲ ਤੋਂ ਦੋਵਾਂ ਵਿਚ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਗੱਲ ਇਥੋਂ ਤਕ ਪਹੁੰਚ ਗਈ। ਕਰੀਬ ਦੋ ਮਹੀਨੇ ਤੋਂ ਮਨੀ ਵਿੱਕੀ ਤੋਂ ਲੁਕ ਕੇ ਰਹਿ ਰਿਹਾ ਸੀ ਪਰ ਕੁਝ ਦਿਨਾਂ ਤੋਂ ਵਿੱਕੀ ਨੂੰ ਉਸ ਦਾ ਟਿਕਾਣਾ ਪਤਾ ਲੱਗ ਗਿਆ ਤੇ ਪੂਰੀ ਪਲੈਨਿੰਗ ਤੋਂ ਬਾਅਦ ਦੇਰ ਰਾਤ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜੇਲ 'ਚ ਖਾਧੀ ਸੀ ਮਨਪ੍ਰੀਤ ਮਨੀ ਨੂੰ ਮਾਰਨ ਦੀ ਕਸਮ
ਸੂਤਰਾਂ ਦੀ ਮੰਨੀਏ ਤਾਂ ਵਿੱਕੀ ਤੇ ਮਨੀ ਦਾ ਜੇਲ ਵਿਚ ਹੀ ਝਗੜਾ ਇੰਨਾ ਵਧ ਗਿਆ ਸੀ ਕਿ ਵਿੱਕੀ ਨੇ ਮਨੀ ਨੂੰ ਮਾਰਨ ਦੀ ਕਸਮ ਜੇਲ ਵਿਚ ਹੀ ਖਾ ਲਈ ਸੀ। ਇਸ ਗੱਲ ਦਾ ਪਤਾ ਮਨੀ ਨੂੰ ਲੱਗਾ ਤਾਂ ਮਨੀ ਖੁਦ ਦਾ ਬਚਾਅ ਕਰਨ ਲਈ ਵਿੱਕੀ ਤੋਂ ਦੂਰ ਹੀ ਰਹਿੰਦਾ ਸੀ। ਜ਼ਮਾਨਤ 'ਤੇ ਆਉਣ ਤੋਂ ਬਾਅਦ ਮਨਪ੍ਰੀਤ ਮਨੀ ਆਪਣੇ ਘਰ ਨਹੀਂ  ਗਿਆ ਕਿਉੁਂਕਿ ਉਸ ਨੂੰ ਡਰ ਸੀ ਕਿ ਵਿੱਕੀ ਉਸ ਦਾ ਨੁਕਸਾਨ ਕਰ ਸਕਦਾ ਸੀ। ਇਸ ਲਈ ਪਿਛਲੇ ਦੋ ਮਹੀਨੇ ਤੋਂ ਮਨੀ ਭੋਗਪੁਰ ਦੇ ਗੁਰੂ ਨਾਨਕ ਮੁਹੱਲੇ ਵਿਚ ਰਹਿ ਰਿਹਾ ਸੀ।


Related News