ਹਰਿਆਣਾ ਦੇ ਡਰਾਈਵਰ ਦੀ ਗਲਾ ਘੁੱਟ ਕੇ ਸੂਏ ''ਚ ਸੁੱਟੀ ਲਾਸ਼

Sunday, Apr 22, 2018 - 05:01 AM (IST)

ਹਰਿਆਣਾ ਦੇ ਡਰਾਈਵਰ ਦੀ ਗਲਾ ਘੁੱਟ ਕੇ ਸੂਏ ''ਚ ਸੁੱਟੀ ਲਾਸ਼

ਲੁਧਿਆਣਾ(ਰਿਸ਼ੀ)-ਲੁੱਟ ਦੀ ਨੀਅਤ ਨਾਲ ਦੋ ਦੋਸਤਾਂ ਨੇ ਹਰਿਆਣਾ ਦੇ ਇਕ ਡਰਾਈਵਰ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਪਿੰਡ ਸ਼ੰਕਰ ਦੇ ਨੇੜੇ ਸੂਏ 'ਚ ਸੁੱਟ ਦਿੱਤੀ, ਜਿਸ ਦੇ ਬਾਅਦ ਸਕ੍ਰੈਪ ਨਾਲ ਭਰਿਆ ਟਰੱਕ ਲੁੱਟ ਕੇ ਲੈ ਗਏ। ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਸ ਨੇ ਓਮ ਪ੍ਰਕਾਸ਼ ਅਤੇ ਵਿਨੋਦ ਕੁਮਾਰ ਨਿਵਾਸੀ ਸ਼ਿਵ ਕਾਲੋਨੀ, ਢੰਡਾਰੀ ਦੇ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਟਰੱਕ ਡਰਾਈਵਰ ਨੇਮ ਸਿੰਘ (48) ਨਿਵਾਸੀ ਹਰਿਆਣਾ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਕਿ ਪਿੰਡ ਸ਼ੰਕਰ ਦੇ ਨੇੜੇ ਸੂਏ 'ਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਲਾਸ਼ ਟਰੱਕ ਡਰਾਈਵਰ ਦੀ ਹੈ। ਜਾਂਚ ਨੂੰ ਅੱਗੇ ਵਧਾਉਣ 'ਤੇ ਸਾਹਮਣੇ ਆਇਆ ਕਿ ਉਕਤ ਦੋਸ਼ੀਆਂ ਨੇ ਲੁੱਟ ਦੀ ਨੀਅਤ ਨਾਲ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ ਅਤੇ ਸਕ੍ਰੈਪ ਨਾਲ ਭਰਿਆ ਟਰੱਕ ਲੁੱਟ ਕੇ ਫਰਾਰ ਹੋ ਗਏ। ਪੁਲਸ ਦੇ ਅਨੁਸਾਰ ਵਾਰਦਾਤ 'ਚ ਉਨ੍ਹਾਂ ਦੇ ਹੋਰ ਵੀ ਸਾਥੀ ਹੋ ਸਕਦੇ ਹਨ ਪੁਲਸ ਸਾਰਿਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। 
3 ਦਿਨ ਪਹਿਲਾਂ ਹੋਈ ਰਾਤ 8 ਵਜੇ ਆਖਿਰੀ ਵਾਰ ਗੱਲ 
ਪੁੱਤਰ ਅਜੇ ਕੁਮਾਰ ਨੇ ਦੱਸਿਆ ਕਿ ਬੀਤੀ 12 ਅਪ੍ਰੈਲ ਨੂੰ ਪਿਤਾ ਹਰਿਆਣਾ ਤੋਂ ਸਕ੍ਰੈਪ ਲੈ ਕੇ ਗਾਜ਼ੀਆਬਾਦ ਯੂ. ਪੀ. ਗਏ ਸਨ ਅਤੇ ਉਥੋਂ ਫਿਰ ਤੋਂ ਸਕ੍ਰੈਬ ਲੈ ਕੇ ਲੁਧਿਆਣਾ ਲਈ ਚੱਲ ਪਏ। ਬੀਤੀ 17 ਅਪ੍ਰੈਲ ਰਾਤ 8 ਵਜੇ ਮਾਂ ਲਛਮੀ ਤੋਂ ਪਿਤਾ ਨਾਲ ਆਖਰੀ ਵਾਰ ਫੋਨ 'ਤੇ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਸਵੇਰੇ ਲੁਧਿਆਣਾ ਵਾਪਸ ਘਰ ਆਉਣ ਦੀ ਗੱਲ ਕਹੀ ਸੀ। 3 ਦਿਨਾਂ ਤੋਂ ਸਵੇਰੇ ਸ਼ਾਮ ਨੰਬਰ 'ਤੇ ਫੋਨ ਕਰ ਰਹੇ ਸਨ ਪਰ ਨੰਬਰ ਬੰਦ ਆ ਰਿਹਾ ਸੀ। ਸ਼ੁੱਕਰਵਾਰ ਨੂੰ ਪੁਲਸ ਨੇ ਫੋਨ ਕਰ ਕੇ ਉਨ੍ਹਾਂ ਨੂੰ ਲਾਸ਼ ਮਿਲਣ ਦੀ ਸੂਚਨਾ ਦਿੱਤੀ। 
ਜੀ. ਪੀ. ਐੱਸ. ਸਿਸਟਮ ਨਾਲ ਮਿਲੀ ਮਦਦ, ਇਕ ਨੂੰ ਪੁਲਸ ਨੇ ਫੜਿਆ
ਸੂਤਰਾਂ ਅਨੁਸਾਰ ਟਰੱਕ 'ਚ ਜੀ. ਪੀ. ਐੱਸ. ਸਿਸਟਮ ਲੱਗਿਆ ਹੋਇਆ ਹੈ, ਜਿਸ ਦੀ 17 ਅਪ੍ਰੈਲ ਰਾਤ 8 ਵਜੇ ਦੀ ਲੋਕੇਸ਼ਨ ਸਾਹਨੇਵਾਲ ਦੀ ਆ ਰਹੀ ਸੀ। ਜਿਸ ਦੇ ਬਾਅਦ ਤੋਂ ਟਰੱਕ ਦੀ ਲੁਕੇਸ਼ਨ ਦਾ ਪਤਾ ਨਹੀਂ ਲੱਗ ਰਿਹਾ ਸੀ। ਉਥੇ ਪੁਲਸ ਵੱਲੋਂ ਇਕ ਹਤਿਆਰੇ ਨੂੰ ਫੜ ਲਿਆ ਹੈ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਲੁੱਟੇ ਹੋਏ ਟਰੱਕ ਅਤੇ ਹੋਰ ਹਤਿਆਰਿਆਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ, ਕਈ ਦਿਨਾ ਪੁਰਾਣੀ ਲਾਸ਼
ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਅਨੁਸਾਰ ਲਾਸ਼ ਕਈ ਦਿਨ ਪੁਰਾਣੀ ਹੈ ਅਤੇ ਪਾਣੀ 'ਚ ਪਈ ਹੋਈ ਸੀ। ਮ੍ਰਿਤਕ ਦੇ ਚਿਹਰੇ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਹਤਿਆਰਿਆਂ ਨੇ ਗਲ ਅਤੇ ਮੂੰਹ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ। 


Related News