ਸੱਤਾ ਤਬਦੀਲੀ ਤੈਅ, ਲੋਕ ਅਣ-ਐਲਾਨੀ ਐਮਰਜੈਂਸੀ ਤੋਂ ਮੁਕਤੀ ਦੇ ਪੱਖ 'ਚ: ਮੁਨੀਸ਼ ਤਿਵਾੜੀ

04/24/2019 11:32:59 AM

ਜਲੰਧਰ (ਧਵਨ)— ਕੇਂਦਰ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ 'ਚ 28 ਅਕਤੂਬਰ 2012 ਤੋਂ 26 ਮਈ 2014 ਤੱਕ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ (ਸੁਤੰਤਰ ਇੰਚਾਰਜ) ਦੇ ਤੌਰ 'ਤੇ ਆਪਣੀ ਛਾਪ ਛੱਡੀ ਤੇ ਕਾਂਗਰਸ ਬੁਲਾਰੇ ਦੇ ਰੂਪ 'ਚ ਰਾਸ਼ਟਰੀ ਰਾਜਨੀਤੀ ਵਿਚ ਛਾਏ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਨੂੰ ਕਾਂਗਰਸ ਨੇ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਤਿਵਾੜੀ 1998 ਤੋਂ 2003 ਤੱਕ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹੇ ਅਤੇ ਉਸ ਤੋਂ ਪਹਿਲਾਂ 1986 ਤੋਂ 1993 ਤੱਕ ਐੈੱਨ. ਐੱਸ. ਯੂ. ਆਈ. ਦੇ ਪ੍ਰਧਾਨ ਵੀ ਰਹੇ। ਮੁਨੀਸ਼ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਪਿਤਾ ਪ੍ਰੋ. ਤਿਵਾੜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦੇ ਨਾਨਾ ਤੀਰਥ ਸਿੰਘ ਗੁਰਮ ਪ੍ਰਜਾਮੰਡਲ ਲਹਿਰ 'ਚ ਮੋਹਰੀ ਰਹੇ ਅਤੇ 1991 'ਚ ਪੰਜਾਬ ਵਿਚ ਪਹਿਲੀ ਪੈਪਸੂ ਸਰਕਾਰ ਵਿਚ ਮੰਤਰੀ ਰਹੇ। 1972 ਤੱਕ ਸੂਬੇ ਵਿਚ ਬਣਨ ਵਾਲੀ ਹਰੇਕ ਸਰਕਾਰ ਵਿਚ ਉਨ੍ਹਾਂ ਦੇ ਨਾਨਾ ਮੰਤਰੀ ਰਹੇ ਅਤੇ ਉਹ ਮਹਿਲਕਲਾਂ ਅਤੇ ਧੂਰੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਰਹੇ। ਤਿਵਾੜੀ ਨਾਲ ਦੇਸ਼ ਅਤੇ ਪੰਜਾਬ ਦੀ ਸਿਆਸੀ ਸਥਿਤੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ, ਜਿਸ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਹਨ।


ਸ. ਲੋਕ ਸਭਾ ਚੋਣਾਂ ਦੇ ਤਿੰਨ ਪੜਾਅ ਪੂਰੇ ਹੋ ਚੁੱਕੇ ਹਨ। ਕੀ ਤੁਸੀਂ ਸਮਝਦੇ ਹੋ ਕਿ ਕਿਸ ਪਾਰਟੀ ਨੂੰ ਲੀਡ ਮਿਲ ਰਹੀ ਹੈ?
ਜ. ਮੈਂ ਸਮਝਦਾ ਹਾਂ ਕਿ ਲੋਕ ਇਸ ਵਾਰ ਮੋਦੀ ਸਰਕਾਰ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਕੇਂਦਰ ਵਿਚ ਸੱਤਾ ਤਬਦੀਲੀ ਤੈਅ ਹੈ ਤੇ ਲੋਕ ਖਾਮੋਸ਼ ਹਨ ਪਰ ਮੋਦੀ ਸਰਕਾਰ ਨੂੰ ਹਟਾਉਣ ਦੇ ਪੱਖ ਵਿਚ ਹਨ।
ਸ. ਮੋਦੀ ਸਰਕਾਰ ਦੇ ਖਿਲਾਫ ਕਿਹੜੇ ਮੁੱਦੇ ਜ਼ਿਆਦਾ ਹਾਵੀ ਹਨ?
ਜ. ਲੋਕ ਬਦਲਾਅ ਚਾਹੁੰਦੇ ਹਨ ਅਤੇ ਇਸ ਸਮੇਂ ਮੋਦੀ ਸਰਕਾਰ ਵਲੋਂ ਦੇਸ਼ ਵਿਚ ਲਾਗੂ ਅਣ-ਐਲਾਨੀ ਐਮਰਜੈਂਸੀ ਨੂੰ ਜਨਤਾ ਹਮੇਸ਼ਾ ਲਈ ਖਤਮ ਕਰਨ ਜਾ ਰਹੀ ਹੈ। ਮੋਦੀ ਸਰਕਾਰ ਨੇ ਆਪਣੇ 5 ਸਾਲਾਂ ਵਿਚ ਨੋਟਬੰਦੀ ਅਤੇ ਜੀ. ਐੱਸ.ਟੀ. ਨੂੰ ਲਾਗੂ ਕਰ ਕੇ ਦੇਸ਼ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ। ਡਾ. ਮਨਮੋਹਨ ਸਿੰਘ ਨੇ ਖੁਦ ਸੰਸਦ ਵਿਚ ਕਿਹਾ ਸੀ ਕਿ ਨੋਟਬੰਦੀ ਕਾਰਨ 3 ਲੱਖ ਕਰੋੜ ਦਾ ਨੁਕਸਾਨ ਭਾਰਤੀ ਅਰਥਵਿਵਸਥਾ ਨੂੰ ਪੁੱਜਾ ਹੈ।
ਸ. ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਤ੍ਰਿਸ਼ੰਕੂ ਲੋਕ ਸਭਾ ਸਾਹਮਣੇ ਆਵੇਗੀ?
ਜ. ਅਜੇ 3 ਪੜਾਅ ਪੂਰੇ ਹੋਏ ਹਨ ਅਤੇ ਦੋ ਹੋਰ ਪੂਰੇ ਹੋਣ ਤੋਂ ਬਾਅਦ ਮਈ ਦੇ ਅੱਧ ਤਕ ਪੂਰੀ ਤਸਵੀਰ ਸਾਫ ਹੋ ਜਾਵੇਗੀ। ਲੋਕਾਂ ਨੂੰ 2014 ਵਿਚ ਮੋਦੀ ਤੋਂ ਉਮੀਦਾਂ ਸਨ, ਜੋ ਬੁਰੀ ਤਰ੍ਹਾਂ ਟੁੱਟ ਗਈਆਂ।
ਸ. ਪਹਿਲੇ 3 ਪੜਾਵਾਂ ਵਿਚ ਹੋਈਆਂ ਚੋਣਾਂ 'ਚ ਪੋਲਿੰਗ ਫੀਸਦੀ ਘਟੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ?
ਜ. ਇਹ ਮੋਦੀ ਸਰਕਾਰ ਲਈ ਖਤਰੇ ਦੀ ਘੰਟੀ ਹੈ। 2014 ਵਿਚ ਲੋਕਾਂ ਨੇ ਵਧ-ਚੜ੍ਹ ਕੇ ਮੋਦੀ ਦੇ ਪੱਖ ਵਿਚ ਵੋਟਾਂ ਪਾਈਆਂ ਸਨ ਜਿਸ ਕਾਰਨ ਪੋਲਿੰਗ ਫੀਸਦੀ ਕਾਫੀ ਜ਼ਿਆਦਾ ਰਹੀ ਪਰ ਹੁਣ ਲੋਕ ਮੋਦੀ ਨੂੰ ਵੋਟ ਨਹੀਂ ਦੇ ਰਹੇ ਕਿਉੁਂਕਿ ਦੇਸ਼ 'ਚ ਅੱਛੇ ਦਿਨ ਤਾਂ ਆਏ ਹੀ ਨਹੀਂ।
. ਤੁਹਾਡੇ ਮੁਤਾਬਕ ਕੇਂਦਰ 'ਚ ਕਿਸ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ?
. ਇਹ ਤਾਂ ਤੈਅ ਹੈ ਕਿ ਮੋਦੀ ਹੁਣ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲੇ ਨਹੀਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਹੇਗਾ ਅਤੇ ਚੋਣ ਨਤੀਜੇ ਹੈਰਾਨ ਕਰ ਦੇਣ ਵਾਲੇ ਹੋਣਗੇ।
ਸ. ਲੋਕ ਸਭਾ ਚੋਣਾਂ ਵਿਚ ਮੁੱਖ ਮੁੱਦੇ ਕਿਹੜੇ ਹਨ?
ਜ. ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਦਾ ਹੈ। ਮੋਦੀ ਸਰਕਾਰ ਨੇ 5 ਸਾਲਾਂ ਵਿਚ 10 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਹ ਪੂਰਾ ਨਹੀਂ ਕਰ ਸਕੀ। ਇਸੇ ਤਰ੍ਹਾਂ ਰਾਫੇਲ ਜਹਾਜ਼ ਸੌਦੇ ਵਿਚ ਹੋਈ ਧਾਂਦਲੀ ਕਾਰਨ ਮੋਦੀ ਸਰਕਾਰ ਦੀ ਸਾਖ ਡਿਗੀ ਹੈ। ਕਾਂਗਰਸ ਨੇ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਜਨਤਾ ਸਾਹਮਣੇ ਰੱਖੀ ਹੈ, ਜਿਸ ਕਾਰਨ ਜਨਤਾ ਦਾ ਝੁਕਾਅ ਕਾਂਗਰਸ ਵੱਲ ਵਧਿਆ ਹੈ।
ਸ. ਨੋਟਬੰਦੀ ਕਾਰਨ ਆਰਥਿਕ ਤੌਰ 'ਤੇ ਭਾਰਤ ਕਮਜ਼ੋਰ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ?
ਜ. ਨੋਟਬੰਦੀ ਨਾਲ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਦਾ ਰੋਜ਼ਗਾਰ ਹੀ ਉਜੜ ਗਿਆ। ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਗੈਰ ਸੰਗਠਿਤ ਖੇਤਰ ਨੂੰ ਭਾਰੀ ਨੁਕਸਾਨ ਹੋਇਆ, ਅਰਥ ਵਿਵਸਥਾ ਕਮਜ਼ੋਰ ਹੋਈ। ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਤੇ ਕਾਬੂ ਪਾਉਣ ਵਿਚ ਸਫਲ ਨਹੀਂ ਹੋ ਸਕੀ।
. ਮੋਦੀ ਸਰਕਾਰ ਨੇ ਆਪਣੀਆਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ।
ਜ. ਮੋਦੀ ਸਰਕਾਰ 5 ਸਾਲਾਂ ਵਿਚ ਕਾਂਗਰਸ ਆਗੂਆਂ ਖਿਲਾਫ ਆਪਣੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਦੀ ਰਹੀ। ਇਹ ਲੋਕਤੰਤਰ ਲਈ ਸਹੀ ਨਹੀਂ ਹੈ।
ਸ. ਰਾਹੁਲ ਨਾਲ ਪ੍ਰਿਯੰਕਾ ਗਾਂਧੀ ਵੀ ਕਾਂਗਰਸ ਦਾ ਪ੍ਰਚਾਰ ਕਰ ਰਹੀ ਹੈ, ਇਸ ਦਾ ਕਿੰਨਾ ਅਸਰ ਪਿਆ?
ਜ. ਪ੍ਰਿਯੰਕਾ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਕਾਂਗਰਸੀ ਵਰਕਰਾਂ ਦਾ ਮਨੋਬਲ ਵਧਿਆ ਹੈ। ਪ੍ਰਿਯੰਕਾ ਦੀ ਮੰਗ ਦੇਸ਼ ਭਰ ਵਿਚ ਕੀਤੀ ਜਾ ਰਹੀ ਹੈ।
ਸ. ਪੰਜਾਬ ਵਿਚ ਕਾਂਗਰਸ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਉਤਰੀ ਹੈ?
. ਮੁੱਖ ਤੌਰ 'ਤੇ ਇਹ ਚੋਣਾਂ ਕੇਂਦਰ ਸਰਕਾਰ ਬਣਾਉਣ ਦੇ ਮੁੱਦੇ 'ਤੇ ਲੜੀਆਂ ਜਾ ਰਹੀਆਂ ਹਨ। ਫਿਰ ਵੀ ਪੰਜਾਬ ਵਿਚ ਅਕਾਲੀਆਂ ਦੇ ਮਾੜੇ ਰਾਜ ਨੂੰ ਲੋਕ ਭੁੱਲੇ ਨਹੀਂ। ਅਕਾਲੀ ਦਲ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਅਜਿਹੀ ਹੀ ਸਥਿਤੀ ਆਮ ਆਦਮੀ ਪਾਰਟੀ ਦੀ ਹੈ। ਕਾਂਗਰਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਆਪਣੀ ਛਾਪ ਜਨਤਾ 'ਤੇ ਛੱਡੀ ਹੈ।
ਸ. ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਮੁਖ ਉਪਲੱਬਧੀਆਂ ਕੀ ਹਨ?
ਜ. ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਵਿਗੜੀ ਕਾਨੂੰਨ ਵਿਵਸਥਾ 'ਤੇ ਕਾਬੂ ਪਾਇਆ। ਪੰਜਾਬ ਵਿਚੋਂ ਡਰ ਦਾ ਮਾਹੌਲ ਖਤਮ ਕੀਤਾ ਗਿਆ ਹੈ। ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾ ਦਿੱਤੀ ਗਈ ਹੈ, ਡਰੱਗ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ। ਲੋਕਾਂ ਵਿਚ ਸਰਕਾਰ ਪ੍ਰਤੀ ਭਰੋਸਾ ਪੈਦਾ ਹੋਇਆ ਹੈ।
ਸ. ਕਿਸਾਨਾਂ ਲਈ ਕੈਪਟਨ ਸਰਕਾਰ ਨੇ ਕਾਫੀ ਕੁਝ ਕੀਤਾ ਹੈ?
ਜ. ਕੈਪਟਨ ਸਰਕਾਰ ਨੇ ਛੋਟੇ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਤੇ ਦੂਜੇ ਪਾਸੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਕੈਪਟਨ ਸਰਕਾਰ ਕੋਲ 35 ਮਹੀਨੇ ਦਾ ਸਮਾਂ ਅਜੇ ਬਾਕੀ ਹੈ, ਜਿਸ ਵਿਚ ਸਰਕਾਰ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰੇਗੀ।
ਸ. ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਵਿਚ ਤੁਸੀਂ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਹੋ?
ਜ. ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿਚ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਵਿਚ ਅਸਫਲ ਹੋਏ ਹਨ। ਇਸੇ ਤਰ੍ਹਾਂ ਬੀ. ਐੱਮ. ਬੀ. ਬੀ. ਨੰਗਲ ਵਿਚ ਐੱਨ. ਐੱਲ. ਐੱਫ. ਦੇ ਮੁੱਦੇ ਵੀ ਹਨ ਜਿਨ੍ਹਾਂ ਵਿਚ ਚੰਦੂਮਾਜਰਾ ਦੀ ਨਾਕਾਮੀ ਸਭ ਦੇ ਸਾਹਮਣੇ ਹੈ। ਚੰਦੂਮਾਜਰਾ ਅਸਲ ਵਿਚ ਵਿਕਾਸ ਦੇ ਮੁੱਦੇ 'ਤੇ ਚੱਲ ਨਹੀਂ ਸਕੇ। ਮੇਰੀ ਪਹਿਲ ਰਹੇਗੀ ਕਿ ਇਕ ਅਹਿਮ ਇੰਡਸਟਰੀਅਲ ਕਾਰੀਡੋਰ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿਚ ਬਣਾਇਆ ਜਾਵੇ। ਇਸੇ ਤਰ੍ਹਾਂ ਇਸ ਇਲਾਕੇ ਨੂੰ ਧਾਰਮਿਕ ਟੂਰਿਸਟ ਸਪੌਟ ਦੇ ਤੌਰ 'ਤੇ ਉਭਾਰਿਆ ਜਾਵੇ। ਚੰਡੀਗੜ੍ਹ ਏਅਰਪੋਰਟ ਨੇੜੇ ਹੈ, ਇਸ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਉਦਯੋਗਿਕ ਤੌਰ 'ਤੇ ਮਜ਼ਬੂਤ ਕਰਨਾ ਸੌਖਾ ਹੋਵੇਗਾ।
. ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਗਰਮ ਅਨਸਰਾਂ ਨਾਲ ਸਬੰਧਾਂ ਬਾਰੇ ਤੁਸੀਂ ਕੀ ਕਹੋਗੇ?
ਜ. ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇੰਨਾ ਜ਼ਰੂਰ ਕਹਾਂਗਾ ਕਿ ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਵਾਉਣ ਵਿਚ ਚੰਦੂਮਾਜਰਾ ਅਸਫਲ ਰਹੇ। ਉਨ੍ਹਾਂ ਦੀ ਕਥਨੀ ਤੇ ਕਰਨੀ ਦਾ ਫਰਕ ਲੋਕਾਂ ਦੇ ਸਾਹਮਣੇ ਹੈ।
ਸ. ਲੁਧਿਆਣਾ ਵਿਚ ਐੱਮ. ਪੀ. ਦੇ ਤੌਰ 'ਤੇ ਤੁਸੀਂ ਕਾਫੀ ਕੰਮ ਕਰਵਾਏ ਸਨ?
ਜ. ਲੁਧਿਆਣਾ ਵਿਚ ਸੰਸਦ ਮੈਂਬਰ ਹੁੰਦਿਆਂ ਮੈਂ ਸਾਹਨੇਵਾਲ ਏਅਰਪੋਰਟ ਸ਼ੁਰੂ ਕਰਵਾਇਆ। ਇਸੇ ਤਰ੍ਹਾਂ ਲੁਧਿਆਣਾ ਸ਼ਤਾਬਦੀ ਐਕਸਪ੍ਰੈੱਸ ਮੈਂ ਚਲਵਾਈ ਸੀ। ਪੰਜਾਬ ਵਿਚ ਪਾਵਰ ਕਾਰਪੋਰੇਸ਼ਨ ਨੂੰ 1800 ਕਰੋੜ ਦਾ ਕਰਜ਼ਾ ਡਾ. ਮਨਮੋਹਨ ਸਿੰਘ ਸਰਕਾਰ ਨੇ ਦਿਵਾਇਆ ਸੀ। ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਦੇ ਤਹਿਤ 1500 ਕਰੋੜ ਰੁਪਏ ਨਾਲ ਸੜਕਾਂ ਬਣਵਾਈਆਂ। ਇਸੇ ਤਰ੍ਹਾਂ ਬੁੱਢਾ ਨਾਲੇ ਲਈ ਕੇਂਦਰ ਕੋਲੋਂ 50 ਕਰੋੜ ਦਾ ਫੰਡ ਦਿਵਾਇਆ ਸੀ। ਲੁਧਿਆਣਾ ਵਿਚ ਟੈਕਸਟਾਈਲ ਪਾਰਕ ਵੀ ਕੇਂਦਰ ਕੋਲੋਂ ਮਨਜ਼ੂਰ ਕਰਵਾਈ।


shivani attri

Content Editor

Related News