ਨਗਰ ਕੌਂਸਲ ਬਣੀ ''ਜੰਗ'' ਦਾ ਅਖਾੜਾ
Saturday, Mar 24, 2018 - 07:25 AM (IST)

ਸੰਗਰੂਰ(ਬੇਦੀ, ਬਾਵਾ)— ਨਗਰ ਕੌਂਸਲ ਸੰਗਰੂਰ ਉਸ ਵੇਲੇ ਜੰਗ ਦਾ ਅਖਾੜਾ ਬਣਦੀ ਨਜ਼ਰ ਆਈ ਜਦੋਂ ਮੁਲਾਜ਼ਮਾਂ ਅਤੇ ਕੌਂਸਲਰਾਂ ਨੇ ਨਾ ਸਿਰਫ ਇਕ ਦੂਜੀ ਧਿਰ ਵਿਰੁੱਧ ਬੋਲ-ਬੁਲਾਰਾ ਕੀਤਾ ਸਗੋਂ ਮੁਜ਼ਾਹਰਾ ਵੀ ਕੀਤਾ ਅਤੇ ਨਾਅਰੇਬਾਜ਼ੀ ਵੀ ਹੋਈ। ਕਾਰਜ ਸਾਧਕ ਅਫਸਰ (ਈ.ਓ.) ਸੰਗਰੂਰ ਨਾਲ ਹੋਈ ਬਦਸਲੂਕੀ ਦੇ ਵਿਰੋਧ 'ਚ ਮਿਊਂਸੀਪਲ ਮੁਲਾਜ਼ਮਾਂ ਨੇ ਸ਼ੁੱਕਰਵਾਰ ਸਵੇਰੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਆਗੂਆਂ ਨੇ ਦੱਸਿਆ ਕਿ 19 ਮਾਰਚ ਨੂੰ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੰਗਰੂਰ ਵੱਲੋਂ ਇਕ ਦਰਾਖਸਤ ਦਿੱਤੀ ਗਈ ਸੀ, ਜਿਸ 'ਚ ਉਨ੍ਹਾਂ ਮਿਊਂਸੀਪਲ ਕੌਂਸਲਰ ਦੇ ਪੁੱਤਰ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਤੇ ਬਦਤਮੀਜ਼ੀ ਕਰਨ ਅਤੇ ਕੁੱਟਣ ਦੀ ਕੋਸ਼ਿਸ਼ ਕਰਨ ਬਾਰੇ ਦੱਸਿਆ ਸੀ। ਦਰਾਖਸਤ ਨੂੰ ਮੁੱਖ ਰੱਖਦੇ ਹੋਏ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨਗਰ ਕੌਂਸਲ ਸੰਗਰੂਰ, ਬਲਾਕ ਮਜ਼ਦੂਰ ਯੂਨੀਅਨ, ਰਿਟਾ. ਮਿਊਂਸੀਪਲ ਇੰਪਲਾਈਜ਼, ਪੰਪ ਆਪਰੇਟਰ ਯੂਨੀਅਨਾਂ ਨੇ ਮੀਟਿੰਗ ਬੁਲਾ ਕੇ 20 ਮਾਰਚ ਨੂੰ ਇਕ 11 ਮੈਂਬਰੀ ਕਮੇਟੀ ਬਣਾ ਕੇ ਕਾਰਜ ਸਾਧਕ ਅਫ਼ਸਰ ਨਾਲ ਹੋਈ ਬਦਸਲੂਕੀ ਦੇ ਵਿਰੋਧ 'ਚ ਪ੍ਰਧਾਨ ਨਗਰ ਕੌਂਸਲ ਸੰਗਰੂਰ ਨੂੰ 48 ਘੰਟਿਆਂ ਦਾ ਨੋਟਿਸ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ, ਜਿਸ ਦੇ ਵਿਰੋਧ 'ਚ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮਿਊਂਸੀਪਲ ਮੁਲਾਜ਼ਮਾਂ ਵੱਲੋਂ 28 ਮਾਰਚ ਤੱਕ ਰੋਜ਼ਾਨਾ ਬਾਅਦ ਦੁਪਹਿਰ 2 ਵਜੇ ਰੋਸ ਮੁਜ਼ਾਹਰਾ ਕੀਤਾ ਜਾਇਆ ਕਰੇਗਾ।
ਇਸ ਮੌਕੇ ਬਾਲ ਕ੍ਰਿਸ਼ਨ ਚੇਅਰਮੈਨ, ਭਾਰਤ ਬੇਦੀ ਪ੍ਰਧਾਨ, ਸੰਜੀਵ ਸਾਹਨੀ ਜਨਰਲ ਸਕੱਤਰ, ਜਰਨੈਲ ਸਿੰਘ ਵਾਈਸ ਪ੍ਰਧਾਨ, ਰਮੇਸ਼ ਬਾਗੜੀ, ਅਸ਼ੋਕ ਕੁਮਾਰ ਵਰਮਾ, ਨਾਥਾ ਰਾਮ, ਰਜਿੰਦਰ ਕੁਮਾਰ, ਅਰਜਨ ਸਿੰਘ, ਆਜ਼ਾਦ ਰਾਮ, ਬਲਦੇਵ ਕ੍ਰਿਸ਼ਨ ਆਦਿ ਹਾਜ਼ਰ ਸਨ।
ਪ੍ਰਧਾਨ ਸਣੇ ਕੌਂਸਲਰਾਂ ਨੇ ਈ. ਓ. ਖਿਲਾਫ ਖੋਲ੍ਹਿਆ ਮੋਰਚਾ
ਦੂਜੇ ਪਾਸੇ, ਸੰਗਰੂਰ ਮਿਊਂਸੀਪਲ ਕਮੇਟੀ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਤੋਂ ਦੁਖੀ ਮਿਊਂਸੀਪਲ ਕੌਂਸਲਰਾਂ ਨੇ ਪ੍ਰਧਾਨ ਰਿਪੂਦਮਨ ਦੀ ਅਗਵਾਈ ਹੇਠ ਮਿਊਂਸੀਪਲ ਕਮੇਟੀ ਅੱਗੇ ਧਰਨਾ ਦਿੱਤਾ ਅਤੇ ਈ. ਓ. ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਸਮੁੱਚੇ ਮਿਊਂਸੀਪਲ ਕੌਂਸਲਰਾਂ ਨੇ ਈ.ਓ. 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸ਼ਹਿਰ ਦੀ ਸਫਾਈ ਦੇ ਕੰਮਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਬਲਕਿ ਸਫਾਈ ਸੇਵਕਾਂ ਨੂੰ ਐੱਮ. ਸੀਜ਼ ਵਿਰੁੱਧ ਭੜਕਾਅ ਕੇ ਆਪਣਾ ਡੰਗ ਟਪਾਅ ਰਹੇ ਹਨ । ਕਮੇਟੀ ਦੇ ਪ੍ਰਧਾਨ ਰਿਪੂ ਨੇ ਦੋਸ਼ ਲਾਇਆ ਕਿ ਪਿਛਲੇ ਦਿਨੀਂ ਸਫਾਈ ਸੇਵਕਾਂ ਤੋਂ ਹੜਤਾਲ ਕਰਵਾ ਕੇ ਐੱਮ. ਸੀਜ਼ ਵਿਰੁੱਧ ਕਾਫੀ ਰੌਲਾ ਪਵਾਇਆ ਗਿਆ ਅੱਜ ਫਿਰ ਜਦੋਂ ਐੱਮ. ਸੀ. ਮਹੇਸ਼ ਕੁਮਾਰ ਮੇਸ਼ੀ, ਸਰਜੀਵਨ ਕੁਮਾਰ, ਵਿਨੋਦ ਕੁਮਾਰ ਨੇ ਦਫਤਰ 'ਚ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਬਾਰੇ ਦੱਸਿਆ ਅਤੇ ਰਜਿਸਟਰ ਚੈੱਕ ਕਰਨ ਲਈ ਕਿਹਾ ਤਾਂ ਉਨ੍ਹਾਂ ਨੂੰ ਕਾਫੀ ਗਲਤ ਬੋਲਿਆ ਗਿਆ, ਜਿਸ 'ਤੇ ਸਮੁੱਚੇ ਐੱਮ. ਸੀਜ਼ ਨੇ ਏਕਾ ਕਰ ਕੇ ਕਮੇਟੀ ਅੱਗੇ ਧਰਨਾ ਦਿੱਤਾ ਹੈ। ਇਸ ਮੌਕੇ ਐੱਮ. ਸੀ. ਮਹੇਸ਼ ਕੁਮਾਰ ਮੇਸ਼ੀ ਨੇ ਕਿਹਾ ਕਿ ਸ਼ਹਿਰ ਦਾ ਬੁਰਾ ਹਾਲ ਹੈ। ਸਰਕਾਰ ਨੂੰ ਈ. ਓ. ਨੂੰ ਬਦਲ ਦੇਣਾ ਚਾਹੀਦਾ ਹੈ। ਇਸ ਸਮੇਂ ਐੱਮ. ਸੀ. ਛੱਜੂ ਸਿੰਘ, ਵਿਨੋਦ ਕੁਮਾਰ ਬੌਦੀ, ਵਿਕਰਮ ਪਾਲੀ, ਇੰਦਰ ਪਾਲ ਸੀਬੀਆ, ਜੋਗੀ ਰਾਮ, ਵਿਜੇ ਲੰਕੇਸ਼, ਨਛੱਤਰ ਸਿੰਘ, ਲੇਡੀਜ਼ ਐੱਮ. ਸੀਜ਼ ਦੇ ਪਤੀ ਹਾਜ਼ਰ ਸਨ।