ਤਹਿਬਾਜ਼ਾਰੀ ਵਿਭਾਗ ਨੇ ਫਿਰ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਕੀਤੀ ਕਾਰਵਾਈ

Friday, Feb 16, 2018 - 03:51 PM (IST)

ਜਲੰਧਰ (ਖੁਰਾਣਾ)— ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਵੀਰਵਾਰ ਫਿਰ ਮਕਸੂਦਾਂ ਮੰਡੀ ਦੇ ਬਾਹਰ ਕਾਰਵਾਈ ਕਰਦਿਆਂ ਨਾਜਾਇਜ਼ ਖੋਖਿਆਂ ਨੂੰ ਹਟਾਇਆ। ਇਹ ਕਾਰਵਾਈ ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਕੀਤੀ ਗਈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਤਹਿਬਾਜ਼ਾਰੀ ਵਿਭਾਗ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਗਰੀਨ ਬੈਲਟ ਵਿਚ ਲੱਗੇ ਫਰੂਟ ਅਤੇ ਸਬਜ਼ੀਆਂ ਦੀਆਂ ਦੁਕਾਨਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਰਵਿਸ ਲੇਨ 'ਤੇ ਸ਼ਿਫਟ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਕਈ ਦੁਕਾਨਦਾਰ ਸਰਵਿਸ ਲੇਨ ਵੱਲ ਦੁਕਾਨਾਂ ਦਾ ਮੂੰਹ ਕਰਨ ਲਈ ਤਿਆਰ ਨਹੀਂ ਸਨ। ਇਸ ਲਈ ਕਈ ਦੁਕਾਨਦਾਰਾਂ ਨੇ ਵਿਧਾਇਕ ਬਾਵਾ ਹੈਨਰੀ ਨਾਲ ਸੰਪਰਕ ਵੀ ਕੀਤਾ ਸੀ ਅਤੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਆਪਣੀ ਸਮੱਸਿਆ ਵੀ ਦੱਸੀ ਸੀ। ਬੰਟੀ ਨੇ ਵੀਰਵਾਰ ਇਸ ਮਾਮਲੇ 'ਤੇ ਡੀ. ਐੱਮ. ਓ. ਵਰਿੰਦਰ ਖੇੜਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰੁਪਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦਾ ਹੱਲ ਕੱਢਣ ਲਈ ਕਿਹਾ। ਡਿਪਟੀ ਮੇਅਰ ਬੰਟੀ ਨੇ ਭਰੋਸਾ ਦਿੱਤਾ ਕਿ ਮੰਡੀ ਦੇ ਬਾਹਰ ਗਰੀਨ ਬੈਲਟ ਨੂੰ ਖੂਬਸੂਰਤ ਬਣਾਇਆ ਜਾਵੇਗਾ।


Related News