ਨਗਰ ਨਿਗਮ ਦੀ ਕਾਰਵਾਈ ਦੇ ਬਾਵਜੂਦ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ

Monday, Aug 20, 2018 - 06:33 AM (IST)

ਨਗਰ ਨਿਗਮ ਦੀ ਕਾਰਵਾਈ ਦੇ ਬਾਵਜੂਦ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ

ਜਲੰਧਰ,   (ਗੁਰਪ੍ਰੀਤ)-  ਸਡ਼ਕ ਕਿਨਾਰੇ ਰੇਹਡ਼ੀ-ਫੜ੍ਹੀ ਲਾ ਕੇ ਅਤੇ ਦੁਕਾਨਾਂ ਅੱਗੇ  ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਨਗਰ ਨਿਗਮ ਵੱਲੋਂ  ਨਾਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਗਈ ਮੁਹਿੰਮ ਦੇ ਬਾਅਦ ਨਾਜਾਇਜ਼ ਕਬਜ਼ਿਆਂ ਦੀ ਸਥਿਤੀ  ਬਰਕਰਾਰ ਬਣੀ ਹੋਈ ਹੈ। ਮਾਡਲ ਹਾਊਸ ਨੇਡ਼ੇ  ਬਾਜ਼ਾਰ ’ਚ ਹੋ ਰਹੇ  ਨਾਜਾਇਜ਼ ਕਬਜ਼ੇ ਧਡ਼ੱਲੇ ਨਾਲ ਜਾਰੀ ਹਨ। 
ਨਗਰ ਨਿਗਮ ਦੀ ਕਾਰਵਾਈ ਦਾ ਕਬਜ਼ਾ ਧਾਰਕਾਂ ’ਤੇ  ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਤੇ  ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ   ਦਿਨਾਂ ਤੋਂ ਨਗਰ ਨਿਗਮ ਵੱਲੋਂ ਸਡ਼ਕਾਂ ਕਿਨਾਰੇ ਅਤੇ ਬਾਜ਼ਾਰਾਂ ’ਚ ਹੋਏ ਨਾਜਾਇਜ਼ ਕਬਜ਼ੇ  ਹਟਾਉਣ ਲਈ ਮੁੱਖ ਬਾਜ਼ਾਰ ’ਚ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਨਾਜਾਇਜ਼  ਕਬਜ਼ਾ ਕਰਨ ਵਾਲੇ ਵਿਅਕਤੀ ਟਸ ਤੋਂ ਮਸ ਨਹੀਂ ਹੋ ਰਹੇ। ਸਡ਼ਕਾਂ ਕਿਨਾਰੇ ਸਬਜ਼ੀ,  ਫਰੂਟ ਦੀਆਂ ਰੇਹਡ਼ੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।  
ਇਸੇ ਤਰ੍ਹਾਂ ਹੀ  ਕਰਿਆਨਾ, ਸਾਈਕਲਾਂ, ਹਲਵਾਈਆਂ ਅਤੇ ਹੋਰ ਦੁਕਾਨਦਾਰਾਂ ਨੇ ਦੁਕਾਨਾਂ ਅੱਗੇ ਸਾਮਾਨ ਰੱਖ ਕੇ  ਕਬਜ਼ੇ ਜਮਾਏ ਹੋਏ ਹਨ। ਆਏ ਦਿਨ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰ ’ਚ ਝਗਡ਼ੇ ਹੁੰਦੇ  ਰਹਿੰਦੇ ਹਨ।
 ਇਸ ਤੋਂ ਇਲਾਵਾ ਪੈਦਲ ਚੱਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ।  ਕਾਫ਼ੀ ਸਮੇਂ ਤੋਂ ਇਲਾਕਾ ਵਾਸੀ ਮੰਗ ਕਰਦੇ ਆ ਰਹੇ ਹਨ ਕਿ ਮਾਡਲ ਹਾਊਸ ਦੇ ਬਾਜ਼ਾਰ ਅਤੇ  ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਵਾਏ ਜਾਣ। ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਨਿਗਮ  ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਚਲਾਈ ਗਈ  ਹੈ। ਸਡ਼ਕਾਂ ਅਤੇ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਵਾਏ ਗਏ ਹਨ। ਬਾਕੀ ਰਹਿੰਦੇ  ਕਬਜ਼ਿਆਂ ਨੂੰ ਜਲਦੀ ਹੀ ਪੁਲਸ ਦੀ ਮਦਦ ਨਾਲ ਦੂਰ ਕਰਾਇਆ ਜਾਵੇਗਾ। ਕਿਸੇ ਨੂੰ ਰੇਹਡ਼ੀ-ਫੜ੍ਹੀ ਵਾਲੇ ਅਤੇ ਦੁਕਾਨਦਾਰਾਂ ਨੂੰ ਸਰਕਾਰੀ ਥਾਵਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ  ਜਾਵੇਗਾ। 
 


Related News