20 ਅਗਸਤ ਨੂੰ ਹੋਵੇਗੀ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ

Monday, Aug 17, 2026 - 03:59 PM (IST)

20 ਅਗਸਤ ਨੂੰ ਹੋਵੇਗੀ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ

ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਚੰਡੀਗੜ੍ਹ ਵੱਲੋਂ 19 ਅਗਸਤ ਨੂੰ ਵਿੱਤ ਅਤੇ ਠੇਕਾ ਕਮੇਟੀ (ਐਫ. ਐਂਡ. ਸੀ. ਸੀ.) ਅਤੇ 20 ਅਗਸਤ ਨੂੰ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ। ਐਫ. ਐਂਡ. ਸੀ. ਸੀ. ਦੀ 365ਵੀਂ ਮੀਟਿੰਗ 19 ਅਗਸਤ ਨੂੰ ਸਵੇਰੇ 11:30 ਵਜੇ ਨਗਰ ਨਿਗਮ ਇਮਾਰਤ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਕਾਨਫਰੰਸ ਹਾਲ ਵਿੱਚ ਹੋਵੇਗੀ। ਨਿਗਮ ਸਕੱਤਰ ਵੱਲੋਂ ਇਸ ਸਬੰਧੀ ਕਮੇਟੀ ਮੈਂਬਰਾਂ ਹਰਜੀਤ ਸਿੰਘ, ਜਸਬੀਰ ਸਿੰਘ, ਕੰਵਰਜੀਤ ਸਿੰਘ, ਰਾਜਿੰਦਰ ਕੁਮਾਰ ਸ਼ਰਮਾ ਅਤੇ ਯੋਗੇਸ਼ ਢੀਂਗਰਾ ਨੂੰ ਨਿਰਧਾਰਿਤ ਸਮੇਂ ਅਤੇ ਸਥਾਨ 'ਤੇ ਸ਼ਾਮਲ ਹੋਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਅਗਲੇ ਦਿਨ ਭਾਵ 20 ਅਗਸਤ ਨੂੰ ਨਿਗਮ ਦੇ ਜਨਰਲ ਹਾਊਸ ਦੀ 364ਵੀਂ ਮੀਟਿੰਗ ਸੱਦੀ ਗਈ ਹੈ, ਜੋ ਕਿ ਸਵੇਰੇ 11:00 ਵਜੇ ਨਗਰ ਨਿਗਮ ਦੇ ਅਸੈਂਬਲੀ ਹਾਲ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੈਂਬਰ ਪਾਰਲੀਮੈਂਟ ਅਤੇ ਸਮੂਹ ਕੌਂਸਲਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਨਿਗਮ ਸਕੱਤਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਦੋਵਾਂ ਮੀਟਿੰਗਾਂ ਦੇ ਏਜੰਡੇ ਵੱਖਰੇ ਤੌਰ 'ਤੇ ਭੇਜੇ ਜਾਣਗੇ। ਇਨ੍ਹਾਂ ਬੈਠਕਾਂ ਸਬੰਧੀ ਜਾਣਕਾਰੀ ਵਿਸ਼ੇਸ਼ ਕਮਿਸ਼ਨਰ, ਸੰਯੁਕਤ ਕਮਿਸ਼ਨਰ, ਚੀਫ ਇੰਜੀਨੀਅਰ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਇਸ ਬੈਠਕ ''ਚ ਪਿਛਲੇ ਹਾਊਂਸ 'ਚ ਪਾਸ ਕੀਤੇ ਗਏ ਕਰੋੜਾਂ ਰੁਪਏ ਦੇ ਟੇਬਲ ੲੰਜਡੇ ਨੂੰ ਦੁਬਾਰਾ ਹਾਊਂਸ 'ਚ ਰੱਖਿਆ ਜਾ ਸਕਦਾ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਭਾਰੀ ਹੰਗਾਮਾ ਕਰਨ ਦੀ ਸੰਭਾਵਨਾ ਹੈ।


author

Babita

Content Editor

Related News