ਨਗਰ ਨਿਗਮ ਮੁਲਾਜ਼ਮਾਂ ਦਾ ਹੋ ਰਿਹੈ ਸ਼ੋਸ਼ਣ; ਸਮੇਂ ''ਤੇ ਨਹੀਂ ਮਿਲਦਾ ਸਾਜ਼ੋ-ਸਾਮਾਨ

09/23/2017 2:24:24 AM

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ 'ਚ ਸੇਵਾ ਕਰ ਰਹੇ ਸਫ਼ਾਈ ਕਰਮਚਾਰੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਸਮੇਂ-ਸਿਰ ਡਿਊਟੀ ਨਾਲ ਸੰਬੰਧਿਤ ਸਾਜ਼ੋ-ਸਾਮਾਨ ਵੀ ਮੁਹੱਈਆ ਨਹੀਂ ਕਰਵਾਇਆ ਜਾਂਦਾ। ਅੱਜ ਇਥੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜੇਸ਼ (ਰਾਜਾ) ਵੱਲੋਂ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਵਿਚ ਇਕ ਮੰਗ-ਪੱਤਰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਹਰਬੀਰ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਫ਼ਾਈ ਅਤੇ ਸੀਵਰੇਜ ਦਾ ਕੰਮ ਕਰਨ ਵਾਲੇ ਮੁਲਾਜ਼ਮ ਦਸਤਾਨਿਆਂ, ਗਮ ਬੂਟ ਅਤੇ ਹੋਰ ਜ਼ਰੂਰੀ ਚੀਜ਼ਾਂ ਤੋਂ ਬਿਨਾਂ ਕੰਮ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਸਾਰੇ ਸਫ਼ਾਈ ਕਰਮਚਾਰੀ, ਸੀਵਰਮੈਨ ਆਦਿ ਦਾ ਮੈਡੀਕਲ ਹੋਣਾ ਵੀ ਜ਼ਰੂਰੀ ਹੈ। 
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਸੀਵਰਮੈਨ ਨੂੰ ਪੱਕਾ ਕੀਤਾ ਜਾਵੇ, ਮੁਹੱਲਾ ਸੈਨੀਟੇਸ਼ਨ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ, ਸਫ਼ਾਈ ਸੇਵਕਾਂ ਨੂੰ ਤੇਲ-ਸਾਬਣ ਸਮੇਂ-ਸਿਰ ਦਿੱਤਾ ਜਾਵੇ, ਦਰਜਾ-4 ਦੀਆਂ ਵਰਦੀਆਂ ਸਮੇਂ-ਸਿਰ ਦਿੱਤੀਆਂ ਜਾਣ, 4-9-14 ਦੀ ਤਰੱਕੀ ਜਲਦ ਲਾਈ ਜਾਵੇ, ਜਿਨ੍ਹਾਂ ਨੂੰ ਮੋਬਾਇਲ ਭੱਤਾ ਨਹੀਂ ਮਿਲਦਾ, ਉਨ੍ਹਾਂ ਨੂੰ ਦਿੱਤਾ ਜਾਵੇ ਅਤੇ ਜੋ ਚਾਰ ਨਗਰ ਨਿਗਮਾਂ ਮੋਗਾ, ਪਠਾਨਕੋਟ, ਫਗਵਾੜਾ ਅਤੇ ਹੁਸ਼ਿਆਰਪੁਰ ਇਕੋ ਸਮੇਂ ਬਣੀਆਂ ਸਨ, ਉਨ੍ਹਾਂ 'ਚੋਂ ਹੁਸ਼ਿਆਰਪੁਰ ਨੂੰ ਛੱਡ ਕੇ 3 ਨਗਰ ਨਿਗਮਾਂ ਨੂੰ ਸਫ਼ਾਈ ਮੁਲਾਜ਼ਮਾਂ ਦੀ ਮਨਜ਼ੂਰੀ 450 ਪ੍ਰਤੀ ਕਾਰਪੋਰੇਸ਼ਨ ਕਰ ਦਿੱਤੀ ਗਈ ਹੈ, ਉਹ ਹੁਸ਼ਿਆਰਪੁਰ ਵਿਖੇ ਵੀ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਿਓਹਾਰਾਂ ਦੇ ਦਿਨਾਂ ਦੇ ਮੱਦੇਨਜ਼ਰ ਤਨਖ਼ਾਹ ਦੁਸਹਿਰੇ ਤੋਂ ਪਹਿਲਾਂ ਦਿੱਤੀ ਜਾਵੇ। ਮੰਗ- ਪੱਤਰ ਦੇਣ ਗਏ ਵਫ਼ਦ 'ਚ ਅਸ਼ਵਨੀ ਲੱਡੂ, ਜੈ ਗੋਪਾਲ, ਅਮਿਤ ਗਿੱਲ, ਵਿਨੋਦ ਨੀਟਾ, ਰੋਹਿਤ ਭੱਟੀ, ਸੰਨੀ, ਸੰਨੀ ਹੰਸ, ਦੀਪਕ ਮੱਟੂ, ਸਤੀਸ਼ ਆਦਿ ਵੀ ਮੌਜੂਦ ਸਨ।


Related News