ਨਗਰ ਨਿਗਮ ਚੋਣਾਂ ; ਸਿਫ਼ਾਰਿਸ਼ ਨਹੀਂ, ਸਰਵੇ ਦੇ ਆਧਾਰ ''ਤੇ ਮਿਲੇਗੀ ਟਿਕਟ ! ਭਰਨਾ ਪਵੇਗਾ ''ਫ਼ਾਰਮ''
Friday, Nov 29, 2024 - 06:05 AM (IST)
ਲੁਧਿਆਣਾ (ਵਿੱਕੀ)- ਨਗਰ ਨਿਗਮ ਚੋਣਾਂ ਦੀ ਆਹਟ ਦੌਰਾਨ 'ਆਮ ਆਦਮੀ ਪਾਰਟੀ' ਨੇ ਵੀ ਆਪਣੇ ਉਮੀਦਵਾਰਾਂ ਦੀਆਂ ਟਿਕਟਾਂ ਫਾਈਨਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਨੇ ਵੀਰਵਾਰ ਨੂੰ ਪਹਿਲੀ ਵਾਰ ਲੁਧਿਆਣਾ ਦੇ ਵਿਧਾਇਕਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਲੈ ਕੇ ਨਿਗਮ ਚੋਣਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਵਿਧਾਨ ਸਭਾ ਚੋਣਾਂ ਦੀ ਤਰਜ਼ ’ਤੇ ਹੀ ‘ਆਪ’ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਕਰੇਗੀ, ਜਿਸ ਦੇ ਲਈ ਚੋਣ ਲੜਨ ਦੇ ਇੱਛੁਕ ਨੇਤਾਵਾਂ ਦਾ ‘ਆਪ’ ਦੀ ਅੰਦਰੂਨੀ ਟੀਮ ਵੱਲੋਂ ਵਾਰਡ ਪੱਧਰ ’ਤੇ ਸਰਵੇ ਕਰਵਾਉਣ ਤੋਂ ਬਾਅਦ ਕੈਂਡੀਡੇਟ ਦੇ ਨਾਂ ’ਤੇ ਹਾਈਕਮਾਨ ਦੀ ਮੋਹਰ ਲੱਗੇਗੀ।
ਮੀਟਿੰਗ ’ਚ ਸ਼ਾਮਲ ਸੂਤਰਾਂ ਮੁਤਾਬਕ 'ਆਮ ਆਦਮੀ ਪਾਰਟੀ' ਵੱਲੋਂ ਚੋਣ ਲੜਨ ਦੇ ਇੱਛੁਕਾਂ ਤੋਂ ਪਹਿਲੇ ਪੜਾਅ ’ਚ ਵਿਧਾਨ ਸਭਾ ਹਲਕਾ ਪੱਧਰ ’ਤੇ ਫਾਰਮ ਭਰਵਾਏ ਜਾਣਗੇ, ਜਿਸ ਦੀ ਪ੍ਰਕਿਰਿਆ 1 ਦਸੰਬਰ ਨੂੰ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਪਾਰਟੀ ਵੱਲੋਂ ਫਾਰਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ 1 ਦਸੰਬਰ ਨੂੰ ਹੀ ਜਾਰੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
‘ਆਪ’ ਦੀ ਟਿਕਟ ਲੈਣ ਦੇ ਇੱਛੁਕਾਂ ਨੂੰ ਉਕਤ ਫਾਰਮ ਭਰ ਕੇ ਪਾਰਟੀ ਦਫਤਰ ’ਚ ਜਮ੍ਹਾ ਕਰਵਾਉਣਾ ਪਵੇਗਾ, ਜਿਥੇ ਹਲਕਾ ਵਿਧਾਇਕ, ਜ਼ਿਲ੍ਹਾ ਪ੍ਰਧਾਨ, ਲੋਕ ਸਭਾ ਹਲਕਾ ਇੰਚਾਰਜ ਅਤੇ ਸਟੇਟ ਸੈਕਟਰੀ ਅਰਜ਼ੀਆਂ ਦੇ ਆਧਾਰ ’ਤੇ ਉਮੀਦਵਾਰ ਬਣਨ ਦੇ ਚਾਹਵਾਨਾਂ ਦਾ ਵਾਰਡ ਪੱਧਰ ’ਤੇ ਸਰਵੇ ਕਰਵਾਉਣਗੇ।
ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਇਸ ਕਦਮ ਤੋਂ ਬਾਅਦ ਜਿਥੇ ਪਾਰਟੀ ਦੇ ਪੁਰਾਣੇ ਵਾਲੰਟੀਅਰਾਂ ’ਚ ਜੋਸ਼ ਪੈਦਾ ਹੋਵੇਗਾ, ਉਥੇ ਪਿਛਲੇ ਲੰਬੇ ਸਮੇਂ ਤੋਂ ਵਿਧਾਇਕਾਂ ਦੇ ਇਸ਼ਾਰੇ ’ਤੇ ਚੋਣ ਲੜਨ ਦੀ ਤਿਆਰੀ ਕਰਨ ਵਾਲਿਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ, ਕਿਉਂਕਿ ‘ਆਪ’ ਦੇ ਕਈ ਵਾਲੰਟੀਅਰ ਸਰਕਾਰ ਬਣਨ ਤੋਂ ਬਾਅਦ ਹੀ ਇਸ ਗੱਲ ਨੂੰ ਲੈ ਕੇ ਨਾਰਾਜ਼ ਸਨ ਕਿ ਸਰਕਾਰੀ ਦਫਤਰਾਂ ਅਤੇ ਵਿਧਾਇਕਾਂ ਕੋਲ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਵਾਲੰਟੀਅਰਾਂ ਦੀ ਨਾਰਾਜ਼ਗੀ ਦਾ ਖਮਿਆਜ਼ਾ 'ਆਮ ਆਦਮੀ ਪਾਰਟੀ' ਲੋਕ ਸਭਾ ਚੋਣਾਂ ’ਚ ਵੀ ਭੁਗਤ ਚੁੱਕੀ ਹੈ, ਜਿਥੇ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਨਿਗਮ ਚੋਣਾਂ ਲਈ ਪਾਰਟੀ ਨੂੰ ਪੁਰਾਣੇ ਵਾਲੰਟੀਅਰਾਂ ਦੀ ਯਾਦ ਫਿਰ ਆ ਗਈ ਹੈ, ਜਿਸ ਦੇ ਲਈ ਹੀ ਫਾਰਮ ਭਰਵਾਉਣ ਦਾ ਬਦਲ ਰੱਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਹੁਣ ਪਾਰਟੀ ਹਾਈਕਮਾਨ ਅਤੇ ਪ੍ਰਧਾਨ ਅਮਨ ਅਰੋੜਾ ਦੇ ਇਸ ਫੈਸਲੇ ਤੋਂ ਬਾਅਦ ਪਾਰਟੀ ਦੇ ਵਾਲੰਟੀਅਰ ਫਿਰ ਤੋਂ ਸਰਗਰਮ ਹੋਣਗੇ, ਜਿਨ੍ਹਾਂ ਨੂੰ ਸਰਵੇ ਦੇ ਆਧਾਰ ’ਤੇ ਪਾਰਟੀ ਟਿਕਟ ਵੀ ਦੇ ਸਕਦੀ ਹੈ।
‘ਆਪ’ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਸਿਰਫ ਚੋਣ ਲੜਨ ਲਈ ਹੀ ਦੂਜੀਆਂ ਪਾਰਟੀਆਂ ਛੱਡ ਕੇ ‘ਆਪ’ ਜੁਆਇਨ ਕਰਨ ਵਾਲੇ ਨੇਤਾਵਾਂ ਦੇ ਸੁਪਨਿਆਂ ’ਤੇ ਵੀ ਹੁਣ ਕਿਤੇ ਨਾ ਕਿਤੇ ਪਾਣੀ ਫਿਰ ਸਕਦਾ ਹੈ, ਕਿਉਂਕਿ ਪਾਰਟੀ ਆਪਣੇ ਉਨ੍ਹਾਂ ਪੁਰਾਣੇ ਵਾਲੰਟੀਅਰਾਂ ਨੂੰ ਕਿਸੇ ਕੀਮਤ ’ਤੇ ਨਿਰਾਸ਼ ਨਹੀਂ ਹੋਣ ਦੇਣਾ ਚਾਹੁੰਦੀ, ਜਿਨ੍ਹਾਂ ਨੇ ਪੰਜਾਬ ਵਿਚ ਸਰਕਾਰ ਬਣਾਉਣ ਲਈ ਲੰਬੇ ਸਮੇਂ ਤੱਕ ਜ਼ਮੀਨੀ ਪੱਧਰ ’ਤੇ ਮਿਹਨਤ ਕੀਤੀ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e