ਕੌਂਸਲਰ ਹਾਊਸ ਦੀ ਬੈਠਕ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ

03/18/2018 6:34:29 AM

ਜਲੰਧਰ(ਖੁਰਾਣਾ)-ਸਾਲ 2018-19 ਦੇ ਨਿਗਮ ਬਜਟ 'ਤੇ ਚਰਚਾ ਕਰਨ ਲਈ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਬੈਠਕ 20 ਮਾਰਚ ਨੂੰ ਹੋਣ ਜਾ ਰਹੀ ਹੈ। ਇਸ ਬੈਠਕ ਵਿਚ ਭਾਵੇਂ ਬਜਟ ਤੋਂ ਇਲਾਵਾ ਕੋਈ ਹੋਰ ਏਜੰਡਾ ਨਹੀਂ ਰੱਖਿਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਵਿਚ ਜਿਹੋ ਜਿਹੇ ਸਿਆਸੀ ਸਮੀਕਰਨ ਬਣ ਰਹੇ ਹਨ, ਉਸ ਤੋਂ ਇਹ ਬੈਠਕ ਹੰਗਾਮਾ ਭਰਪੂਰ ਹੋਣ ਦੀ ਪੂਰੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਨਿਗਮ ਦਾ ਬਜਟ ਤਿਆਰ ਕਰਦੇ ਸਮੇਂ ਜਿਸ ਤਰੀਕੇ ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਗਿਆ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਬੈਠਕ ਵਿਚ ਸ਼ਾਮਲ ਕੀਤਾ ਗਿਆ, ਉਸ ਨੂੰ ਲੈ ਕੇ ਦੋਵਾਂ ਦੇ ਮਨ ਵਿਚ ਮੇਅਰ ਪ੍ਰਤੀ ਰੋਸ ਪੈਦਾ ਹੋਣਾ ਸੁਭਾਵਿਕ ਹੈ ਤੇ ਬੀਤੇ ਦਿਨੀਂ ਦੋਵਾਂ ਨੇ ਆਮ ਗੱਲਬਾਤ ਦੌਰਾਨ ਇਸ ਰੋਸ ਨੂੰ ਪ੍ਰਗਟ ਵੀ ਕੀਤਾ। ਪਤਾ ਲੱਗਾ ਹੈ ਕਿ ਇਸ ਮੁੱਦੇ 'ਤੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਦਰਮਿਆਨ ਆਪਸ ਵਿਚ ਬੈਠਕ ਵੀ ਹੋਈ। ਪਤਾ ਲੱਗਾ ਹੈ ਕਿ ਦੋਵੇਂ ਆਗੂ ਬਜਟ ਸਬੰਧੀ ਹੋ ਰਹੀ ਬੈਠਕ ਵਿਚ ਆਪਣੇ-ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। 
ਕੌਂਸਲਰ ਵੀ ਹੁਣ ਚੁੱਪ ਨਹੀਂ ਬੈਠਣਗੇ
ਜ਼ਿਕਰਯੋਗ ਹੈ ਕਿ ਪਿਛਲੀ ਬੈਠਕ ਵਿਚ ਮੇਅਰ ਨੇ ਸੱਤਾ ਧਿਰ ਦੇ ਸਾਰੇ ਕੌਂਸਲਰਾਂ ਨੂੰ ਕੋਈ ਵੀ ਮੁੱਦਾ ਉਠਾਉਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਪਿਛਲੀ ਬੈਠਕ ਵਿਚ ਇਸ ਮਾਮਲੇ ਨੂੰ ਲੈ ਕੇ ਕਈ ਕੌਂਸਲਰਾਂ ਵਿਚ ਰੋਸ ਦੇਖਿਆ ਗਿਆ। ਭਾਵੇਂ ਮੇਅਰ ਜਗਦੀਸ਼ ਰਾਜਾ ਦੀ ਦਲੀਲ ਸੀ ਕਿ ਹਾਊਸ ਦੀ ਪਹਿਲੀ ਬੈਠਕ ਵਿਚ ਮਾਹੌਲ ਸ਼ਾਂਤੀਪੂਰਨ ਤੇ ਖੁਸ਼ਨੁਮਾ ਰਹਿਣਾ ਚਾਹੀਦਾ ਹੈ ਪਰ ਜਿਸ ਤਰੀਕੇ ਨਾਲ ਉਸ ਬੈਠਕ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਆਪਣੀ ਪੂਰੀ ਭੜਾਸ ਕੱਢੀ, ਉਸ ਨਾਲ ਸੱਤਾ ਧਿਰ ਵਿਚ ਅਸੰਤੋਸ਼ ਉਭਰਿਆ ਹੈ ਕਿ ਵਿਰੋਧੀ ਕੌਂਸਲਰਾਂ ਦਾ ਮੁਕਾਬਲਾ ਕੀਤਾ ਜਾਣਾ ਚਾਹੀਦਾ ਸੀ। ਹੁਣ 20 ਮਾਰਚ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਬੈਠਕ ਵਿਚ ਸੱਤਾ ਧਿਰ ਦੇ ਕੌਂਸਲਰਾਂ ਨੂੰ ਰੋਕ ਸਕਣਾ ਨਾਮੁਮਕਿਨ ਹੋਵੇਗਾ ਤੇ ਜ਼ਿਆਦਾਤਰ ਕੌਂਸਲਰ ਆਪਣੇ-ਆਪਣੇ ਵਾਰਡਾਂ ਤੱਕ ਦੀ ਸਮੱਸਿਆ ਜ਼ੀਰੋ ਆਵਰ ਵਿਚ ਉਠਾ ਸਕਦੇ ਹਨ।


Related News