ਨਗਰ ਦੇ 3 ਪ੍ਰਮੁੱਖ ਪੈਟਰੋਲ ਪੰਪਾਂ ਨੇ ਨਿਗਮ ਦੀਆਂ ਗੱਡੀਆਂ ''ਚ ਤੇਲ ਪਾਉਣਾ ਕੀਤਾ ਬੰਦ

02/17/2018 5:39:05 AM

ਮਾਮਲਾ ਨਿਗਮ ਸਿਰ ਖੜ੍ਹੀ ਕਰੋੜਾਂ ਦੀ ਉਧਾਰੀ ਦਾ 
ਲੁਧਿਆਣਾ(ਖੁਰਾਣਾ)-ਨਗਰ ਨਿਗਮ ਦੇ ਵਿਹੜੇ 'ਚ ਸ਼ਾਮਲ 250 ਦੇ ਕਰੀਬ ਸਰਕਾਰੀ ਗੱਡੀਆਂ ਦੇ ਵੱਡੇ ਕਾਫਲੇ ਤੇਲ ਦੀ ਸਪਲਾਈ ਨਾ ਮਿਲਣ ਕਾਰਨ ਜਾਮ ਹੁੰਦੇ ਦਿਖਾਈ ਦੇਣ ਲੱਗੇ ਹਨ, ਕਿਉਂਕਿ ਮਹਾਨਗਰ ਨਾਲ ਸਬੰਧਤ ਤਿੰਨ ਪ੍ਰਮੁੱਖ ਪੈਟਰੋਲ ਪੰਪ ਮਾਲਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਦੇ ਸਿਰ ਆਪਣੀ ਕਰੋੜਾਂ ਰੁਪਏ ਦੀ ਬਕਾਇਆ ਦੇਣਦਾਰੀ ਦਾ ਸਮੇਂ ਸਿਰ ਭੁਗਤਾਨ ਨਾ ਮਿਲਣ ਕਾਰਨ ਨਿਗਮ ਦੇ ਤਿੰਨ ਪ੍ਰਮੁੱਖ ਜ਼ੋਨਾਂ ਬੀ, ਸੀ ਤੇ ਡੀ ਨਾਲ ਸਬੰਧਤ ਗੱਡੀਆਂ 'ਚ ਤੇਲ ਭਰਨ ਨੂੰ ਲੈ ਕੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਰ ਜਲਦ ਹੀ ਉਕਤ ਮੁੱਦੇ ਨੂੰ ਲੈ ਕੇ ਕੋਈ ਯੋਗ ਹੱਲ ਨਾ ਨਿਕਲ ਸਕਿਆ ਤਾਂ ਨਿਗਮ ਦੀਆਂ ਗੱਡੀਆਂ ਦੀ ਰਫਤਾਰ ਰੁਕਣ ਕਾਰਨ ਸੈਂਕੜੇ ਇਲਾਕਿਆਂ 'ਚ ਪਾਣੀ ਦੇ ਟੈਂਕਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸਥਾਨਕ ਲੋਕਾਂ 'ਚ ਤ੍ਰਾਹ-ਤਾ੍ਰਹ ਮਚ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੰਬੜਾਂ ਰੋਡ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਮੁਖੀ ਰਾਜੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਗਿੱਲ ਰੋਡ ਸਥਿਤ ਦਾਣਾ ਮੰਡੀ ਦੇ ਕੋਲ ਪੈਂਦੇ ਬਾਂਸਲ ਫਿਲਿੰਗ ਸਟੇਸ਼ਨ ਤੇ ਸ਼ੇਰਪੁਰ ਰੋਡ ਸਥਿਤ ਮੋਠੂ ਰਾਮ ਪ੍ਰੇਮ ਚੰਦ ਪੈਟਰੋਲ ਪੰਪ ਮਾਲਕ ਦੇ ਆਪਸੀ ਸਹਿਮਤੀ ਤੋਂ ਬਾਅਦ ਅੱਜ ਸਵੇਰ ਨਿਗਮ ਦੀਆਂ ਗੱਡੀਆਂ 'ਚ ਤੇਲ ਨਾ ਪਾਉਣ ਦਾ ਫੈਸਲਾ ਲਿਆ ਹੈ। ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪੈਟਰੋਲ ਪੰਪ ਦੀ ਕਰੀਬ 1.25 ਕਰੋੜ ਦੀ ਉਧਾਰੀ ਨਿਗਮ ਵੱਲ ਬਕਾਇਆ ਚੱਲ ਰਹੀ ਹੈ, ਜਿਸ 'ਚੋਂ 27 ਲੱਖ ਰੁਪਏ ਦੇ ਬਿੱਲ ਨਵੰਬਰ ਮਹੀਨੇ ਦੇ ਬਕਾਇਆ ਹਨ ਤੇ ਇਨ੍ਹਾਂ ਦੇ ਬਿੱਲ ਵੀ ਬਾਕਾਇਦਾ ਪਾਸ ਹੋ ਚੁੱਕੇ ਹਨ। ਬਾਵਜੂਦ ਇਸ ਦੇ ਸਿਰਫ 8 ਲੱਖ ਰੁਪਏ ਦਾ ਭੁਗਤਾਨ ਹੀ ਨਿਗਮ ਵੱਲੋਂ ਉਨ੍ਹਾਂ ਨੂੰ ਕੀਤਾ ਗਿਆ ਹੈ, ਜਦੋਂਕਿ ਇਸ ਤੋਂ ਬਾਅਦ ਦਸੰਬਰ ਤੋਂ ਲੈ ਕੇ ਮੌਜੂਦਾ ਸਮੇਂ ਦੇ ਬਿੱਲ ਅਜੇ ਜਿਓਂ ਦੇ ਤਿਓਂ ਪੈਂਡਿੰਗ ਹਨ। ਸ਼ਰਮਾ ਨੇ ਦੋਸ਼ ਲਾਇਆ ਕਿ ਪੰਪ ਮਾਲਕਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੀ ਹੀ ਰਕਮ ਲੈਣ ਲਈ ਭਿਖਾਰੀਆਂ ਵਾਂਗ ਹੱਥ ਫੈਲਾਉਣੇ ਪੈ ਰਹੇ ਹਨ। ਉਧਰ ਮੋਠੂ ਰਾਮ ਪ੍ਰੇਮ ਚੰਦ ਪੈਟਰੋਲ ਪੰਪ ਡੀਲਰ ਮੁਤਾਬਕ ਉਨ੍ਹਾਂ ਦੀ ਵੀ ਨਗਰ ਨਿਗਮ ਵੱਲ ਕਰੀਬ 1 ਕਰੋੜ ਰੁਪਏ ਦੀ ਲੈਣਦਾਰੀ ਖੜ੍ਹੀ ਹੈ,ਜਿਸ ਦੇ ਬਦਲੇ ਉਨ੍ਹਾਂ ਨੂੰ ਵੀ ਨਿਗਮ ਵੱਲੋਂ ਸਿਰਫ 8 ਲੱਖ ਰੁਪਏ ਦੀ ਅਦਾਇਗੀ ਹੀ ਕੀਤੀ ਗਈ ਹੈ ਜੋ ਕਿ ਨਾਕਾਫੀ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੰਪ 'ਤੇ ਨਿਗਮ ਦੀਆਂ ਗੱਡੀਆਂ 'ਚ ਤੇਲ ਭਰਨ 'ਤੇ ਰੋਕ ਲਾ ਦਿੱਤੀ ਹੈ, ਕਿਉਂਕਿ ਉਨ੍ਹਾਂ ਦੀ 98 ਲੱਖ ਦੇ ਕਰੀਬ ਦੀ ਉਧਾਰੀ ਨਿਗਮ ਵੱਲ ਹੈ। ਦੱਸਿਆ ਜਾ ਰਿਹਾ ਹੈ ਕਿ ਬਾਂਸਲ ਫਿਲਿੰਗ ਸਟੇਸ਼ਨ ਨੂੰ ਵੀ ਨਿਗਮ ਵੱਲੋਂ 14 ਲੱਖ ਦੇ ਕਰੀਬ ਅਦਾਇਗੀ ਕੀਤੀ ਗਈ ਹੈ। ਜਦੋਂਕਿ ਉਨ੍ਹਾਂ ਦੇ ਵੀ ਨਿਗਮ ਵੱਲ 1 ਕਰੋੜ ਦੇ ਕਰੀਬ ਰਾਸ਼ੀ ਦੇ ਬਿੱਲ ਬਕਾਇਆ ਪਏ ਹਨ। ਇਸ ਲਈ ਉਨ੍ਹਾਂ ਨੇ ਵੀ ਉਧਾਰੀ ਨਾ ਮਿਲਣ ਜਾਣ ਤੱਕ ਨਿਗਮ ਨੂੰ ਤੇਲ ਪਾਉਣ 'ਤੇ ਬ੍ਰੇਕ ਲਾ ਦਿੱਤੀ ਹੈ। ਉਕਤ ਜਾਣਕਾਰੀ ਸ਼ਰਮਾ ਫਿਲਿੰਗ ਸਟੇਸ਼ਨ ਮੁਖੀ ਰਾਜੂ ਸ਼ਰਮਾ ਨੇ ਦਿੱਤੀ ਹੈ।
ਕੀ ਕਹਿੰਦੇ ਹਨ ਐਡੀਸ਼ਨਲ ਕਮਿਸ਼ਨਰ
ਇਸ ਸਬੰਧੀ ਗੱਲ ਕਰਨ 'ਤੇ ਨਿਗਮ ਦੇ ਵਧੀਕ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 1.20 ਕਰੋੜ ਰੁਪਏ ਦੇ ਬਿੱਲ ਪਾਸ ਹੋ ਕੇ ਆਏ ਸਨ ਜਿਨ੍ਹਾਂ 'ਚੋਂ ਉਨ੍ਹਾਂ ਨੇ 40 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਬਿੱਲ ਅਜੇ ਤੱਕ ਪਾਸ ਹੋ ਕੇ ਨਹੀਂ ਆਏ, ਉਨ੍ਹਾਂ ਦਾ ਭੁਗਤਾਨ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਪੈਟਰੋ ਕਾਰੋਬਾਰੀਆਂ ਨਾਲ ਲੈਣ-ਦੇਣ ਦਾ ਇਹ ਸਿਲਸਿਲਾ ਕਈ ਸਾਲਾਂ ਤੋਂ ਇੰਝ ਹੀ ਚੱਲਦਾ ਆ ਰਿਹਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਕੁਝ ਲੋਕ ਇਸ ਨੂੰ ਜਾਣ-ਬੁੱਝ ਕੇ ਮੁੱਦਾ ਬਣਾ ਰਹੇ ਹਨ।


Related News