ਪਿੰਡ ਭਾਗਸਰ ਦੇ ਕਿਸਾਨ ਅੱਜ ਤੋਂ ਲਾਉਣੀ ਸ਼ੁਰੂ ਕਰਨਗੇ ਝੋਨੇ ਦੀ ਪਰਾਲੀ ਨੂੰ ਅੱਗ

Friday, Oct 18, 2019 - 02:04 PM (IST)

ਪਿੰਡ ਭਾਗਸਰ ਦੇ ਕਿਸਾਨ ਅੱਜ ਤੋਂ ਲਾਉਣੀ ਸ਼ੁਰੂ ਕਰਨਗੇ ਝੋਨੇ ਦੀ ਪਰਾਲੀ ਨੂੰ ਅੱਗ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪਿੰਡ ਭਾਗਸਰ ਜਿੱਥੇ 6 ਹਜ਼ਾਰ ਏਕੜ ਤੋਂ ਵੱਧ ਜ਼ਮੀਨ 'ਚ ਝੋਨਾ ਬੀਜਿਆ ਗਿਆ ਸੀ, ਦੇ ਕਿਸਾਨਾਂ ਨੇ ਸਰਬਸੰਮਤੀ ਨਾਲ 19 ਅਕਤੂਬਰ ਸਵੇਰੇ 10.30 ਵਜੇ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਫੈਸਲਾ ਕੀਤਾ ਹੈ। ਪਿੰਡ ਦੀ ਬਾਮੂ ਕੀ ਪੱਤੀ ਧਰਮਸ਼ਾਲਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੀਨੀਅਰ ਆਗੂ ਗੁਰਾਂਦਿੱਤਾ ਸਿੰਘ ਭਾਗਸਰ ਅਤੇ ਕਾਮਰੇਡ ਜਗਦੇਵ ਸਿੰਘ ਦੀ ਅਗਵਾਈ ਹੇਠ ਕਿਸਾਨ ਇਕੱਤਰ ਹੋਏ, ਜਿਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਘੁਰਕੀ ਤੋਂ ਨਹੀਂ ਡਰਦੇ। ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸਰਕਾਰਾਂ ਨੇ ਸ਼ਾਬਾਸ਼ ਜਾਂ ਹੱਲਾਸ਼ੇਰੀ ਤਾਂ ਕੀ ਦੇਣੀ, ਉਲਟਾ ਪਿੰਡ-ਪਿੰਡ ਗੁਰੂ ਘਰਾਂ ਦੇ ਲਾਊਡ ਸਪੀਕਰਾਂ 'ਚ ਹੋਕੇ ਦਿਵਾ ਕੇ ਕਿਸਾਨਾਂ 'ਤੇ ਪੁਲਸ ਥਾਣਿਆ 'ਚ ਪਰਚੇ ਦਰਜ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।  ਇਸ ਮੌਕੇ ਗੁਰਾਂਦਿੱਤਾ ਸਿੰਘ, ਜਗਦੇਵ ਸਿੰਘ, ਨਰ ਸਿੰਘ ਅਕਾਲੀ, ਗੁਰਚਰਨ ਸਿੰਘ ਧਾਲੀਵਾਲ, ਬਲਰਾਜ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਪਿਆਰਾ ਸਿੰਘ ਆਦਿ ਮੌਜੂਦ ਸਨ।

ਕੀ ਹੈ ਕਿਸਾਨਾਂ ਦੀ ਮੰਗ
ਇਕੱਠੇ ਹੋਏ ਕਿਸਾਨਾਂ ਦੀ ਸਰਕਾਰ ਤੋਂ ਮੰਗ ਸੀ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ 'ਚ ਮਸ਼ੀਨਰੀ ਭੇਜੀ ਜਾਵੇ, ਜਿਸ ਨਾਲ ਪਰਾਲੀ ਨੂੰ ਕੁਤਰ ਕੇ ਖੇਤ 'ਚ ਖਿਲਾਰਿਆ ਜਾ ਸਕੇ ਜਾਂ 200 ਰੁਪਏ ਬੋਨਸ ਦਿੱਤਾ ਜਾਵੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਝੋਨੇ ਦੀ ਪਰਾਲੀ ਸੁੱਟਣ ਲਈ ਸਰਕਾਰ ਥਾਂ ਨਿਸ਼ਚਤ ਕਰੇ। ਫ਼ਿਰ ਉਹ ਪਰਾਲੀ ਨੂੰ ਅੱਗ ਨਹੀਂ ਲਾਉਣਗੇ।

ਪ੍ਰਦੂਸ਼ਣ ਇਕੱਲੀ ਪਰਾਲੀ ਨਾਲ ਫ਼ੈਲਦਾ ਹੈ
ਕਿਸਾਨਾਂ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਕੀ ਪ੍ਰਦੂਸ਼ਣ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਫ਼ੈਲਦਾ ਹੈ। ਦੁਸਹਿਰੇ ਮੌਕੇ ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਜਦੋਂ ਥਾਂ-ਥਾਂ ਅੱਗ ਲਾਈ ਜਾਂਦੀ ਹੈ, ਕੀ ਉਦੋਂ ਪ੍ਰਦੂਸ਼ਣ ਨਹੀਂ ਫ਼ੈਲਦਾ? ਪਟਾਕੇ ਚੱਲਣ ਨਾਲ, ਫੈਕਟਰੀਆਂ ਅਤੇ ਕਾਰਖਾਨਿਆਂ 'ਚੋਂ ਨਿਕਲਣ ਵਾਲੇ ਧੂੰਏ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਪਰ ਨਿਸ਼ਾਨਾ ਸਿਰਫ਼ ਇਕੱਲੇ ਕਿਸਾਨਾਂ ਨੂੰ ਹੀ ਬਣਾਇਆ ਜਾ ਰਿਹਾ। ਜੋ ਕਿਸਾਨ ਦੇ ਹੱਕ 'ਚ ਹੈ, ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਪਰ ਜੋ ਗੱਲਾਂ ਕਿਸਾਨ ਵਿਰੋਧੀ ਹਨ, ਉਨ੍ਹਾਂ ਨੂੰ ਡੰਡੇ ਦੇ ਜ਼ੋਰ ਨਾਲ ਡਰਾ-ਧਮਕਾ ਕੇ ਲਾਗੂ ਕਰਵਾਇਆ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ 'ਤੇ ਝੋਨੇ ਦੀ ਪਰਾਲੀ ਦਾ ਖਾਤਮਾ ਕਰਨ ਲਈ ਮਸ਼ੀਨਰੀ ਲੈ ਕੇ ਕਿਉਂ ਨਹੀਂ ਦੇ ਰਹੀ।


author

rajwinder kaur

Content Editor

Related News