ਮੋਟਰਸਾਈਕਲ ਸਵਾਰ ਨੌਸਰਬਾਜ਼ ਐੱਨ. ਆਰ. ਆਈ. ਦਾ ਪਰਸ ਚੋਰੀ ਕਰ ਕੇ ਫਰਾਰ

Monday, Apr 02, 2018 - 04:07 AM (IST)

ਬਟਾਲਾ/ਜੈਂਤੀਪੁਰ,  (ਬੇਰੀ, ਹਰਬੰਸ)- ਅੱਜ ਮੋਟਰਸਾਈਕਲ ਸਵਾਰ 2 ਨੌਸਰਬਾਜ਼ਾਂ ਵੱਲੋਂ ਇਕ ਐੱਨ. ਆਰ. ਆਈ. ਵਿਅਕਤੀ ਦਾ ਪਰਸ ਚੋਰੀ ਕਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐੱਨ. ਆਰ. ਆਈ. ਹਰਪਾਲ ਸਿੰਘ ਵਾਸੀ ਚਾਹਲ ਕਲਾਂ ਨੇ ਦੱਸਿਆ ਕਿ ਉਸਨੇ ਤਲਵੰਡੀ ਖੁੰਮਣ ਅੱਡਾ ਨੈਸ਼ਨਲ ਹਾਈਵੇ ਰੋਡ ਤੱਕ ਜਾਣ ਲਈ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ ਲਿਫਟ ਲਈ ਸੀ ਅਤੇ ਜਦੋਂ ਉਹ ਤਲਵੰਡੀ ਖੁੰਮਣ ਨੇੜੇ ਪਹੁੰਚੇ ਤਾਂ ਉਕਤ ਨੌਜਵਾਨਾਂ ਨੇ ਮੋਟਰਸਾਈਕਲ ਪੇਸ਼ਾਬ ਕਰਨ ਦੇ ਬਹਾਨੇ ਰੋਕਿਆ। ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਨੌਜਵਾਨਾਂ ਨਾਲ ਮੈਂ ਵੀ ਮੋਟਰਸਾਈਕਲ ਤੋਂ ਉਤਰ ਕੇ ਆਪਣੀ ਜੇਬ 'ਚ ਹੱਥ ਮਾਰ ਕੇ ਪਰਸ ਚੈੱਕ ਕੀਤਾ ਤਾਂ ਨਹੀਂ ਮਿਲਿਆ, ਜਿਸ ਵਿਚ 7 ਹਜ਼ਾਰ ਰੁਪਏ, ਅਮਰੀਕਾ ਦਾ ਡਰਾਈਵਿੰਗ ਲਾਇਸੈਂਸ, ਏ. ਟੀ. ਐੱਮ., ਆਧਾਰ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਉਸ ਨੇ ਦੱਸਿਆ ਕਿ ਮੇਰੇ ਵੱਲੋਂ ਰੌਲਾ ਪਾਉਣ 'ਤੇ ਉਕਤ ਨੌਜਵਾਨ ਫਰਾਰ ਹੋ ਗਏ। ਹਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਥ੍ਰੀਏਵਾਲ ਪੈਟਰੋਲ ਪੰਪ ਤੋਂ ਉਕਤ ਚੋਰਾਂ ਦੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਫੋਟੋ ਲੈ ਕੇ ਪੁਲਸ ਚੌਕੀ ਭੰਗਾਲੀ ਕਲਾਂ ਵਿਖੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ।


Related News