ਪੰਜਾਬ ਪੁਲਸ ਦੇ ਥਾਣੇ ਤੋਂ 50 ਮੀਟਰ ਦੂਰ ਚੋਰੀ, ਦਾਰੂ ਪੀ ਕੇ ਸੁੱਤਾ ਰਿਹਾ ਚੌਕੀਦਾਰ

Sunday, May 10, 2026 - 06:30 PM (IST)

ਪੰਜਾਬ ਪੁਲਸ ਦੇ ਥਾਣੇ ਤੋਂ 50 ਮੀਟਰ ਦੂਰ ਚੋਰੀ, ਦਾਰੂ ਪੀ ਕੇ ਸੁੱਤਾ ਰਿਹਾ ਚੌਕੀਦਾਰ

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਮਲੋਟ ਚੌਕ ਵਿਚ ਇਕ ਦੁਕਾਨ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਸਮੇਂ ਦੁਕਾਨ ਦੇ ਤਾਲੇ ਤੋੜ ਕੇ ਫਰਿੱਜ ਵਿਚੋਂ ਹਜ਼ਾਰਾਂ ਰੁਪਏ ਦੀ ਚਾਕਲੇਟ ਚੋਰੀ ਕਰ ਲਈ ਗਈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਦੁਕਾਨਦਾਰ ਸਵੇਰੇ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਮਿਲੇ। ਦੁਕਾਨਦਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਚੌਕੀਦਾਰ ਵੀ ਮੌਜੂਦ ਰਹਿੰਦਾ ਹੈ ਅਤੇ ਸਦਰ ਥਾਣਾ ਵੀ ਤਕਰੀਬਨ ਕੁਝ ਮੀਟਰ ਦੀ ਦੂਰੀ 'ਤੇ ਹੈ, ਫਿਰ ਵੀ ਚੋਰੀ ਦੀ ਵਾਰਦਾਤ ਹੋ ਗਈ।

ਜਾਣਕਾਰੀ ਦਿੰਦਿਆਂ ਦੁਕਾਨਦਾਰ ਸਾਹਿਲ ਬਜਾਜ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਸਾਢੇ 11 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਪਰਤੇ ਸਨ। ਜਦੋਂ ਅੱਜ ਸਵੇਰੇ ਆ ਕੇ ਉਨ੍ਹਾਂ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਫਰਿੱਜ ਵਿਚੋਂ ਹਜ਼ਾਰਾਂ ਰੁਪਏ ਦੀ ਚਾਕਲੇਟ ਗਾਇਬ ਹੈ ਅਤੇ ਸਾਰਾ ਫਰਿੱਜ ਹੀ ਖਾਲੀ ਮਿਲਿਆ ਹੈ। ਸਾਹਿਲ ਅਨੁਸਾਰ ਚੋਰੀ ਹੋਈ ਚਾਕਲੇਟ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਸੀ। ਉਨ੍ਹਾਂ ਦੱਸਿਆ ਕਿ ਚੌਕੀਦਾਰ ਨੇੜਲੀ ਦੁਕਾਨ ਦੇ ਬਾਹਰ ਆਪਣੀ ਡਿਊਟੀ 'ਤੇ ਸੀ, ਫਿਰ ਵੀ ਇਹ ਵਾਰਦਾਤ ਹੋਈ। ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਦੁਕਾਨਦਾਰ ਦਾ ਇਹ ਵੀ ਦੋਸ਼ ਹੈ ਕਿ ਰਾਤ ਨੂੰ ਜਦੋਂ ਚੌਕੀਦਾਰ ਆਪਣੀ ਡਿਊਟੀ 'ਤੇ ਸੀ, ਤਾਂ ਦੋ ਨੌਜਵਾਨ ਉਸ ਕੋਲ ਆਏ ਅਤੇ ਉਸ ਨੂੰ ਸ਼ਰਾਬ ਪਿਲਾ ਕੇ ਚਲੇ ਗਏ। ਇਸ ਤੋਂ ਬਾਅਦ ਚੌਕੀਦਾਰ ਸੌਂ ਗਿਆ, ਜਿਸ ਦੌਰਾਨ ਉਨ੍ਹਾਂ ਦੀ ਦੁਕਾਨ 'ਤੇ ਚੋਰੀ ਹੋ ਗਈ। ਹਾਲਾਂਕਿ ਸਦਰ ਥਾਣਾ ਦੁਕਾਨ ਤੋਂ ਮਹਿਜ਼ 50 ਮੀਟਰ ਦੀ ਦੂਰੀ 'ਤੇ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰੇ ਖੰਗਾਲੇ ਜਾ ਰਹੇ ਹਨ।


author

Anmol Tagra

Content Editor

Related News