ਸੜਕ ਹਾਦਸੇ ਦੇ ਦੋਸ਼ੀ ਮੋਟਰਸਾਈਕਲ ਚਾਲਕ ਨੂੰ 2 ਸਾਲ ਦੀ ਕੈਦ

Tuesday, Oct 24, 2017 - 07:27 AM (IST)

ਸੜਕ ਹਾਦਸੇ ਦੇ ਦੋਸ਼ੀ ਮੋਟਰਸਾਈਕਲ ਚਾਲਕ ਨੂੰ 2 ਸਾਲ ਦੀ ਕੈਦ

ਹੁਸ਼ਿਆਰਪੁਰ, (ਅਮਰਿੰਦਰ)- ਸੜਕ ਹਾਦਸੇ 'ਚ ਮਾਰੇ ਗਏ 8 ਸਾਲਾ ਲੜਕੇ ਅਕਾਸ਼ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਮੋਟਰਸਾਈਕਲ ਚਾਲਕ ਕਮਲ ਮਹਿਰਾ ਪੁੱਤਰ ਕ੍ਰਿਸ਼ਨ ਲਾਲ ਮਹਿਰਾ ਵਾਸੀ ਪ੍ਰੇਮਗੜ੍ਹ ਨੂੰ ਦੋਸ਼ੀ ਕਰਾਰ ਦਿੰਦਿਆਂ ਸੀ. ਜੇ. ਐੱਮ. ਆਸ਼ੀਸ਼ ਸਾਲਦੀ ਦੀ ਅਦਾਲਤ ਨੇ 2 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਨਾ ਦੇਣ 'ਤੇ 1 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। 
ਵਰਣਨਯੋਗ ਹੈ ਕਿ ਰਵਿੰਦਰ ਵਾਲੀਆ ਪੁੱਤਰ ਰਸੀਲਾ ਰਾਮ ਵਾਲੀਆ ਵਾਸੀ ਸਟੇਸ਼ਨ ਰੋਡ ਭਰਵਾਈਂ ਅੱਡਾ ਨੇ ਮਾਡਲ ਟਾਊਨ ਪੁਲਸ ਨੂੰ 19 ਜਨਵਰੀ 2013 ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਆਪਣੇ ਵੱਡੇ ਸਾਲੇ ਰੁਪੇਸ਼ ਵਾਲੀਆ, ਜੋ ਕਿ ਗਾਜ਼ੀਆਬਾਦ ਤੋਂ ਆਪਣੇ ਪਰਿਵਾਰ ਸਮੇਤ ਆਇਆ ਹੋਇਆ ਸੀ, ਨਾਲ ਆਪਣੀ ਦੁਕਾਨ 'ਤੇ ਬੈਠਾ ਸੀ। ਇਸ ਦੌਰਾਨ ਉਨ੍ਹਾਂ ਕੋਲ ਰੋਹਿਤ ਪੁੱਤਰ ਅਸ਼ੋਕ ਕੁਮਾਰ ਵਾਸੀ ਰਿਸ਼ੀ ਨਗਰ ਵੀ ਆ ਕੇ ਬੈਠ ਗਿਆ। 
ਉਸ ਨੇ ਦੱਸਿਆ ਕਿ ਸ਼ਾਮ ਕਰੀਬ 5.30 ਵਜੇ ਰੇਲਵੇ ਸਟੇਸ਼ਨ ਵੱਲੋਂ ਇਕ ਮੋਟਰਸਾਈਕਲ, ਜਿਸ 'ਤੇ ਇਕ ਨੌਜਵਾਨ ਸਵਾਰ ਸੀ, ਨੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾਉਂਦਿਆਂ ਅਕਾਸ਼ ਵਾਲੀਆ (8) ਪੁੱਤਰ ਰੁਪੇਸ਼ ਵਾਲੀਆ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋਣ ਦਾ ਯਤਨ ਕੀਤਾ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਅਕਾਸ਼ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੋਟਰਸਾਈਕਲ ਚਾਲਕ ਦੋਸ਼ੀ ਕਮਲ ਮਹਿਰਾ ਖਿਲਾਫ਼ ਧਾਰਾ 304-ਏ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।


Related News