ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ ਦੋ ਨੌਜਵਾਨਾਂ ’ਚੋਂ ਇਕ ਕਾਬੂ, ਦੂਜਾ ਫਰਾਰ

02/17/2023 3:49:45 PM

ਬਟਾਲਾ (ਸਾਹਿਲ) : ਚੋਰੀ ਦਾ ਮੋਟਰਸਾਈਕਲ ਵੇਚਣ ਜਾ ਰਹੇ ਦੋ ਨੌਜਵਾਨਾਂ ’ਚੋਂ ਇਕ ਨੂੰ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਰੰਗੜ ਨੰਗਲ ਮੋੜ, ਪਿੰਡ ਚੌਧਰੀਵਾਲ ਵਿਖੇ ਸਪੈਸ਼ਲ ਚੈਕਿੰਗ ਨਾਕਾਬੰਦੀ ਕੀਤੀ ਹੋਈ ਸੀ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਦੋ ਨੌਜਵਾਨ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਸੁੱਚਾ ਸਿੰਘ ਵਾਸੀ ਵੈਰੋਨੰਗਲ ਅਤੇ ਦਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਹਰਜਿੰਦਰ ਸਿੰਘ ਵਾਸੀ ਰੰਗੜ ਨੰਗਲ ਵੱਡੀਆਂ ਚੋਰੀਆਂ ਕਰਨ ਦੇ ਆਦੀ ਹਨ, ਇਸ ਵੇਲੇ ਦੋਵੇਂ ਚੋਰੀ ਦੇ ਹੀਰੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੌਧਰੀਵਾਲ ਤੋਂ ਰੰਗੜ ਨੰਗਲ ਨੂੰ ਆ ਰਹੇ ਹਨ ਅਤੇ ਇਨ੍ਹਾਂ ਨੇ ਚੋਰੀ ਕੀਤਾ ਮੋਟਰਸਾਈਕਲ ਮਹਿਤਾ ਚੌਕ ਨੂੰ ਵੇਚਣ ਜਾਣਾ ਹੈ।

ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਉਕਤ ਦੋਵੇਂ ਨੌਜਵਾਨ ਬਿਨਾਂ ਨੰਬਰੀ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤਾਨ ਨੇ ਮੋਟਰਸਾਈਕਲ ਪਿੱਛੇ ਮੋੜ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਦੋਵੇਂ ਜਣੇ ਸੜਕ ’ਤੇ ਡਿੱਗ ਪਏ। ਏ.ਐੱਸ.ਆਈ ਚਰਨਜੀਤ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਮੁਸਤੈਦੀ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਦਵਿੰਦਰ ਸਿੰਘ ਮੌਕੇ ਤੋਂ ਭੱਜ ਗਿਆ। ਜਦਕਿ ਬਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਖ਼ਿਲਾਫ ਉਪਰੋਕਤ ਥਾਣੇ ਵਿਚ ਕੇਸ ਦਰਜ ਕਰਨ ਉਪਰੰਤ ਚੋਰੀ ਕੀਤਾ ਮੋਟਰਸਾਈਕਲ ਕਬਜ਼ੇ ਵਿਚ ਲਿਆ ਲਿਆ ਗਿਆ ਹੈ।


Gurminder Singh

Content Editor

Related News