ਬੇਟੇ ਦੀ ਮੌਤ ਤੋਂ ਬਾਅਦ ਨਿਆਂ ਲਈ ਭਟਕ ਰਹੀ ਹੈ ਮਾਂ
Wednesday, Jul 19, 2017 - 05:54 AM (IST)
ਲੁਧਿਆਣਾ(ਤਰੁਣ)- 7-8 ਜੂਨ ਦੀ ਰਾਤ ਮਾਡਲ ਟਾਊਨ ਡੀ ਬਲਾਕ 'ਚ ਕਾਰੋਬਾਰੀ ਜਗਮੀਤਪਾਲ ਸਿੰਘ ਨੇ ਪਤਨੀ ਅਤੇ ਬੇਟੇ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਕਨਪਟੀ 'ਤੇ ਪਿਸਤੌਲ ਰੱਖ ਕੇ ਸੁਸਾਈਡ ਕੀਤਾ ਸੀ, ਜਦੋਂਕਿ ਇਸ ਹਾਦਸੇ 'ਚ 14 ਸਾਲਾ ਬੇਟੀ ਵਾਲ-ਵਾਲ ਬਚ ਗਈ। ਜਗਮੀਤ ਦੀ ਮਾਂ ਮਹਿੰਦਰ ਕੌਰ ਦਾ ਦੋਸ਼ ਹੈ ਕਿ ਪਾਰਟਨਰ ਦੇ ਦਬਾਅ ਕਾਰਨ ਜਗਮੀਤ ਨੇ ਅਜਿਹਾ ਕਦਮ ਚੁੱਕਿਆ ਸੀ। ਉਦੋਂ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਹਿੰਦਰ ਕੌਰ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕੀਤਾ ਸੀ। ਮਹਿੰਦਰ ਕੌਰ ਨੇ ਦੋਸ਼ ਲਾਇਆ ਹੈ ਕਿ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਇਲਾਕਾ ਪੁਲਸ ਨੇ ਦੋਸ਼ੀਆਂ ਦੇ ਨਾਂ ਦਰਜ ਨਹੀਂ ਕੀਤੇ ਹਨ, ਜਦੋਂਕਿ ਉਹ ਕਈ ਵਾਰ ਪੁਲਸ ਨੂੰ ਦੋਸ਼ੀਆਂ ਦੇ ਨਾਂ ਦੱਸ ਚੁੱਕੀ ਹੈ। ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਹ ਕਈ ਵਾਰ ਮਹਿੰਦਰ ਕੌਰ ਦੇ ਨਾਲ ਪੁਲਸ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ ਚੁੱਕੇ ਹਨ ਪਰ ਪੁਲਸ ਦਬਾਅ 'ਚ ਕੰਮ ਕਰ ਰਹੀ ਹੈ। ਜਗਮੀਤ ਦੀ 14 ਸਾਲਾ ਬੇਟੀ ਨੇ ਗੰਭੀਰ ਹਾਲਤ 'ਚ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਸ ਦੇ ਪਿਤਾ ਜਗਮੀਤ 'ਤੇ ਪਾਰਟਨਰ ਵੱਲੋਂ ਦਬਾਅ ਪਾਇਆ ਗਿਆ ਸੀ। ਪਾਰਟਨਰ ਤੋਂ ਦੁਖੀ ਹੋ ਕੇ ਹੀ ਉਸ ਦੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ। ਪੀੜਤ ਪੱਖ ਨੇ ਕਮਿਸ਼ਨਰ ਤੋਂ ਨਿਆਂ ਦੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਜਾਵੇ।
