ਮਾਂ ਨੇ ਆਸ਼ਕ ਨਾਲ ਮਿਲ ਕੇ ਡੇਢ ਸਾਲਾ ਧੀ ਨੂੰ ਕੀਤਾ ਕਤਲ

10/13/2019 6:17:05 PM

ਮਾਲੇਰਕੋਟਲਾ (ਯਾਸੀਨ, ਮਹਿਬੂਬ) : ਡੇਢ ਸਾਲਾ ਮਾਸੂਮ ਬੱਚੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਕੁਝ ਘੰਟਿਆਂ 'ਚ ਸੁਲਝਾ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਅਫਸਰ ਨੇ ਦੱਸਿਆ ਕਿ ਇਕ ਡੇਢ ਸਾਲਾ ਬੱਚੀ ਨੂੰ ਉਸ ਦੀ ਮਾਂ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਕਤਲ ਕਰ ਦੇਣ ਜਿਹਾ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਜਗਦੀਪ ਸਿੰਘ ਪੁੱਤਰ ਨਰਜੋਧ ਸਿੰੰਘ ਵਾਸੀ ਜੀਰਖ ਜ਼ਿਲਾ ਲੁਧਿਆਣਾ ਨੇ ਆਪਣੀ ਡੇਢ ਸਾਲਾ ਧੀ ਦੇ ਕਤਲ ਦਾ ਮਾਮਲਾ ਪੁਲਸ ਕੋਲ ਦਰਜ ਕਰਵਾਇਆ ਸੀ। ਜਗਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਲੇਰਕੋਟਲਾ ਪੁਲਸ ਨੇ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ (ਲੁਧਿਆਣਾ) ਅਤੇ ਸੰਦੀਪ ਸਿੰਘ ਉਰਫ ਨਵੀ ਪੁੱਤਰ ਹਰਦੀਪ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਾਲੇਰਕੋਟਲਾ ਖਿਲਾਫ ਧਾਰਾ 302, 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਸੀ। 

ਪੁਲਸ ਅਨੁਸਾਰ ਜਗਦੀਪ ਸਿੰਘ ਨੇ ਦੱਸਿਆ ਉਸ ਦੀ ਪਤਨੀ ਮਨਦੀਪ ਕੌਰ ਅਤੇ ਉਸ ਦੇ ਆਸ਼ਕ ਨਵੀ ਨੇ ਮਿਲ ਕੇ ਉਸ ਦੀ ਡੇਢ ਸਾਲ ਦੀ ਧੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਪਤਨੀ ਦੇ ਨਾਜਾਇਜ਼ ਸੰਬੰਧਾਂ ਕਾਰਨ ਦੋ ਮਹੀਨੇ ਪਹਿਲਾਂ ਉਸ ਦਾ ਮਨਦੀਪ ਕੌਰ ਨਾਲ ਪੰਚਾਇਤੀ ਤਲਾਕ ਹੋ ਚੁੱਕਾ ਹੈ ਅਤੇ ਉਸ ਦੀ ਡੇਢ ਸਾਲਾ ਬੇਟੀ ਸਾਹਿਬਜੋਤ ਕੌਰ ਉਸ ਦੀ ਮਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਉਸ ਨੇ ਦੱਸਿਆ ਕਿ 10 ਅਕਤੂਬਰ ਨੂੰ ਉਸ ਨੂੰ ਬੇਟੀ ਸਾਹਿਬਜੋਤ ਕੌਰ ਦੇ ਬਿਮਾਰ ਹੋਣ ਦਾ ਪਤਾ ਲੱਗਾ ਜਦੋਂ ਉਹ ਬੇਟੀ ਕੋਲ ਪਹੁੰਚਿਆ ਤਾਂ ਸਾਹਿਬਜੋਤ ਦੀ ਮੌਤ ਹੋ ਚੁੱਕੀ ਸੀ ਅਤੇ ਬੇਟੀ ਦੀ ਲਾਸ਼ ਦੇਖ ਕੇ ਉਸ ਨੂੰ ਮਾਮਲਾ ਸ਼ੱਕੀ ਲੱਗਾ। ਜਿਸ ਤੋਂ ਬਾਅਦ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ। 

ਐੱਸ. ਐੱਚ. ਓ. ਅਨੁਸਾਰ ਪੋਸਟ ਮਾਰਟਮ ਰਿਪੋਰਟ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਪੇਟ 'ਚ ਮਾਰੇ ਗਏ ਕੜੇ ਕਾਰਨ ਹੀ ਉਸ ਦੇ ਅੰਦਰਲੇ ਸਾਰੇ ਅੰਗ ਨਸ਼ਟ ਹੋ ਗਏ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੁਲਸ ਅਨੁਸਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਉਕਤ ਕੇਸ 'ਚ ਹੋਰ ਤੱਥ ਸਾਹਮਣੇ ਆ ਸਕਣ ਅਤੇ ਵਰਤਿਆ ਗਿਆ ਹਥਿਆਰ ਭਾਵ ਲੋਹੇ ਦਾ ਕੜਾ ਬਰਾਮਦ ਕੀਤਾ ਜਾ ਸਕੇ।


Gurminder Singh

Content Editor

Related News