ਪੰਜਾਬ ''ਚ ਡੇਢ ਦਰਜਨ ਪਿੰਡਾਂ ''ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ ''ਚ ਪਿਆ ਪਾੜ

Wednesday, Sep 02, 2026 - 08:01 PM (IST)

ਪੰਜਾਬ ''ਚ ਡੇਢ ਦਰਜਨ ਪਿੰਡਾਂ ''ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ ''ਚ ਪਿਆ ਪਾੜ

ਚਮਕੌਰ ਸਾਹਿਬ (ਵੈੱਬ ਡੈਸਕ)- ਚਮਕੌਰ ਸਾਹਿਬ ਦੇ ਨੇੜਲੇ ਪਿੰਡ ਭੈਰੋਮਾਜਰਾ ਅਤੇ ਜਟਾਣਾ ਕੋਲ ਸਰਹਿੰਦ ਨਹਿਰ 'ਚ ਇਕ ਵੱਡਾ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਪਿੰਡਾਂ ਦੀਆਂ ਜ਼ਮੀਨਾਂ, ਫ਼ਸਲਾਂ ਅਤੇ ਮੁੱਖ ਸੜਕ ਵੱਲ ਵਗਣ ਲੱਗ ਪਿਆ। ਇਸ ਕਾਰਨ ਚਮਕੌਰ ਸਾਹਿਬ ਤੋਂ ਰੂਪਨਗਰ ਜਾਣ ਵਾਲੀ ਮੁੱਖ ਸੜਕ ਪਿੰਡ ਭੈਰੋਮਾਜਰਾ ਕੋਲੋਂ 15 ਤੋਂ 20 ਫੁੱਟ ਤੱਕ ਧਸ ਕੇ ਟੁੱਟ ਗਈ, ਜਿਸ ਨਾਲ ਡੇਢ ਦਰਜਨ ਪਿੰਡਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਸਵੇਰੇ ਡਿਊਟੀ ਅਤੇ ਜਿੰਮ ਜਾਣ ਲਈ ਨਿਕਲੇ ਤਿੰਨ ਮੋਟਰਸਾਈਕਲ ਸਵਾਰ, ਜਿਨ੍ਹਾਂ 'ਚ ਇਕ ਮਹਿਲਾ ਵੀ ਸ਼ਾਮਲ ਸੀ, ਅਚਾਨਕ ਟੁੱਟੀ ਹੋਈ ਸੜਕ ਅਤੇ ਪਾਣੀ ਦੇ ਤੇਜ਼ ਵਹਾਅ ਦੀ ਲਪੇਟ 'ਚ ਆ ਗਏ। ਇਸ ਹਾਦਸੇ 'ਚ ਨੌਜਵਾਨ ਹਰਪ੍ਰੀਤ ਸਿੰਘ (21) ਦੀ ਲੱਤ ਟੁੱਟ ਗਈ ਅਤੇ ਉਸ ਦੀ ਮਾਂ ਕਰਮਜੀਤ ਕੌਰ (45 ਸਾਲ) ਦੇ ਗੋਡੇ ’ਤੇ ਗੰਭੀਰ ਸੱਟ ਲੱਗੀ। ਉਨ੍ਹਾਂ ਨੂੰ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਗੰਭੀਰ ਜ਼ਖ਼ਮੀ ਨੌਜਵਾਨ ਜਸਕਰਨ ਸਿੰਘ (23 ਸਾਲ) ਅਤੇ ਜਸ਼ਨਪ੍ਰੀਤ ਸਿੰਘ (25 ਸਾਲ) ਨੂੰ ਡਾਕਟਰਾਂ ਵੱਲੋਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੌਰਾਨ ਦੋ ਤੋਂ ਤਿੰਨ ਮੋਟਰਸਾਈਕਲ ਅਤੇ ਇਕ ਮੋਬਾਇਲ ਫੋਨ ਵੀ ਪਾਣੀ 'ਚ ਡੁੱਬ ਕੇ ਨੁਕਸਾਨਿਆ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ

ਪਿੰਡ ਭੈਰੋਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਅਤੇ ਪਿੰਡ ਜਟਾਣਾ ਦੇ ਸਰਪੰਚ ਹਰਿੰਦਰ ਸਿੰਘ ਕਾਕਾ ਸਮੇਤ ਇਲਾਕਾ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਕੰਢੇ ਚੂਹਿਆਂ ਦੀਆਂ ਖੁੱਡਾਂ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪਾਣੀ ਸੜਕ ਦੇ ਹੇਠਾਂ ਰਿਸ ਰਿਹਾ ਸੀ। ਇਸ ਬਾਰੇ ਐੱਸ.ਡੀ.ਐੱਮ. ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਲਿਖਤੀ ਅਤੇ ਜ਼ਬਾਨੀ ਤੌਰ ’ਤੇ ਖ਼ਤਰੇ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ।

ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ਼ ਇੱਕ ਜੇ.ਸੀ.ਬੀ. ਮਸ਼ੀਨ ਭੇਜ ਕੇ ਖਾਨਾਪੂਰਤੀ ਕਰ ਦਿੱਤੀ। ਵਿਭਾਗ ਦੀ ਇਸੇ ਲਾਪਰਵਾਹੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਜਿਵੇਂ ਹੀ ਘਟਨਾ ਦੀ ਖ਼ਬਰ ਮਿਲੀ ਤਾਂ ਪ੍ਰਸ਼ਾਸਨ ਦੀ ਉਡੀਕ ਕੀਤੇ ਬਿਨਾਂ ਪਿੰਡ ਦੇ ਲੋਕਾਂ ਨੇ ਰੇਤੇ ਦੇ ਥੈਲੇ ਭਰ ਕੇ ਨਹਿਰ ਦਾ ਪਾੜ ਬੰਨ੍ਹਣਾ ਸ਼ੁਰੂ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਭੜਕੇ ਲੋਕਾਂ ਨੇ ਨਹਿਰ ਦੇ ਪੁਲ ’ਤੇ ਧਰਨਾ ਲਗਾ ਕੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਦਰਦਨਾਕ ਮੌਤ

ਇਸ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਧਰਨੇ 'ਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਅਤੇ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਹਲਕਾ ਇੰਚਾਰਜ ਜਸਬੀਰ ਸਿੰਘ ਗੜ੍ਹੀ ਮੌਕੇ ’ਤੇ ਪਹੁੰਚੇ ਅਤੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਰਾਹਤ ਕਾਰਜ ਤੇਜ਼ ਕਰਵਾਏ ਅਤੇ ਖ਼ੁਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਾੜ ਵਾਲੀ ਜਗ੍ਹਾ 'ਤੇ ਪਹੁੰਚ ਕੇ ਲੋਕਾਂ ਨਾਲ ਮਿੱਟੀ ਦੇ ਥੈਲੇ ਲਗਾਉਣ 'ਚ ਹੱਥ ਵਟਾਇਆ।

ਉਨ੍ਹਾਂ ਭਰੋਸਾ ਦਿਵਾਇਆ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਖ਼ਮੀ ਨੌਜਵਾਨਾਂ ਦਾ ਸਾਰਾ ਇਲਾਜ 'ਰੈੱਡ ਕਰਾਸ ਫੰਡ' ਵਿੱਚੋਂ ਸਰਕਾਰੀ ਖ਼ਰਚੇ ’ਤੇ ਕਰਵਾਇਆ ਜਾਵੇਗਾ ਅਤੇ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਐੱਸ. ਡੀ. ਐੱਮ. ਪ੍ਰਦੀਪ ਸਿੰਘ ਬੈਂਸ, ਡੀ. ਐੱਸ. ਪੀ. ਮਨਜੀਤ ਸਿੰਘ ਔਲਖ, ਤਹਿਸੀਲਦਾਰ ਕੁਲਵਿੰਦਰ ਸਿੰਘ ਅਤੇ ਥਾਣਾ ਮੁਖੀ ਸ਼ਵਿੰਦਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਮੌਜੂਦ ਸਨ। 

ਇਹ ਵੀ ਪੜ੍ਹੋ: ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ! ਸਰਕਾਰੀ ਮੁਲਾਜ਼ਮ ਦੀ ਵੀਡੀਓ ਨੇ ਉਡਾਏ ਹੋਸ਼


author

shivani attri

Content Editor

Related News