ਇਸ਼ਕ ’ਚ ਅੰਨ੍ਹੀ ਮਾਂ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਸੀ ਪੁੱਤਰ ਦਾ ਕਤਲ
Friday, Aug 24, 2018 - 12:53 AM (IST)

ਪਟਿਆਲਾ (ਬਲਜਿੰਦਰ, ਜਗਨਾਰ, ਭੂਪਾ, ਜੈਨ)- ਪੁਲਸ ਨੇ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਤੇ ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ ਦੀ ਅਗਵਾਈ ਹੇਠ ਨਾਭਾ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਖਬੀਰ ਸਿੰਘ ਉਰਫ ਸੁੱਖੀ ਪੁੱਤਰ ਬਲਜਿੰਦਰ ਸਿੰਘ ਵਾਸੀ ਛੀਟਾਂਵਾਲਾ ਦਾ ਕਾਤਲ ਕੋਈ ਹੋਰ ਨਹੀਂ, ਸਗੋਂ ਉਸ ਦੀ ਆਪਣੀ ਇਸ਼ਕ ਵਿਚ ਅੰਨ੍ਹੀ ਹੋਈ ਮਾਂ ਨਰਿੰਦਰ ਕੌਰ ਹੀ ਹੈ। ਉਸ ਨੇ ਆਪਣੇ ਆਸ਼ਿਕ ਸਿਮਰਦੀਪ ਸਿੰਘ ਉਰਫ ਡੋਗਰ ਨਾਲ ਮਿਲ ਕੇ ਆਪਣੇ ਹੀ ਪੁੱਤਰ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਵਿਚ ਰੋਡ਼ਾ ਬਣ ਰਿਹਾ ਸੀ।
ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਨਾ ਹੀ ਨਹੀਂ, ਪਟਿਆਲਾ ਪੁਲਸ ਨੇ ਇਕ ਨਹੀਂ ਸਗੋਂ ਇਸੇ ਪਰਿਵਾਰ ਦੇ ਦੂਜੇ ਕਤਲ ਦੀ ਵੀ ਗੁੱਥੀ ਸੁਲਝਾ ਦਿੱਤੀ ਹੈ। ਮ੍ਰਿਤਕ ਸੁੱਖੀ ਦੀ ਮਾਤਾ ਨਰਿੰਦਰ ਕੌਰ ਨੇ ਆਪਣੇ ਨਾਜਾਇਜ਼ ਸਬੰਧਾਂ ਵਿਚ ਰੋਡ਼ਾ ਬਣ ਰਹੇ ਪੁੱਤਰ ਦਾ ਹੀ ਕਤਲ ਨਹੀਂ ਕੀਤਾ, ਸਗੋਂ ਜੂਨ 2015 ਵਿਚ ਦੋਵਾਂ ਨੇ ਮਿਲ ਕੇ ਨਰਿੰਦਰ ਕੌਰ ਦੇ ਸਹੁਰੇ ਜਗਦੇਵ ਸਿੰਘ ਦਾ ਵੀ ਕਤਲ ਕਰ ਦਿੱਤਾ ਸੀ। ਜਗਦੇਵ ਸਿੰਘ ਵੀ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਵਿਚ ਰੋਡ਼ਾ ਬਣ ਰਿਹਾ ਸੀ। ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਨਾਭਾ ਅਧੀਨ ਪੈਂਦੇ ਪਿੰਡ ਛੀਟਾਂਵਾਲਾ ਦੇ ਰਹਿਣ ਵਾਲੇ ਸੁਖਬੀਰ ਸਿੰਘ ਉਰਫ ਸੁੱਖੀ ਦੀ 20 ਅਗਸਤ ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ। ਇਸ ਕਤਲ ਨੂੰ ਛੁਪਾਉਣ ਲਈ ਉਸ ਦੀ ਮਾਤਾ ਨਰਿੰਦਰ ਕੌਰ ਨੇ ਬਿਨਾਂ ਕਿਸੇ ਪੁਲਸ ਕਾਰਵਾਈ ਤੋਂ ਉਸ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਖੁਫੀਆ ਤੌਰ ’ਤੇ ਪੜਤਾਲ ਕਰਨ ਤੋਂ ਪਤਾ ਲੱਗਾ ਕਿ ਨਰਿੰਦਰ ਕੌਰ ਦੇ ਪਤੀ ਦੀ ਸਾਲ 2010 ਨੂੰ ਐਕਸੀਡੈਂਟ ਵਿਚ ਮੌਤ ਹੋ ਗਈ ਸੀ। 2014 ਵਿਚ ਉਸ ਦੇ ਪਿੰਡ ਦੀ ਮੋਬਾਇਲਾਂ ਦੀ ਦੁਕਾਨ ਕਰਨ ਵਾਲੇ ਸਿਮਰਦੀਪ ਉਰਫ ਡੋਗਰ ਨਾਲ ਨਾਜਾਇਜ਼ ਸਬੰਧ ਬਣ ਗਏ। ਪਹਿਲਾਂ ਤਾਂ ਨਰਿੰਦਰ ਕੌਰ ਦਾ ਲਡ਼ਕਾ ਸੁੱਖੀ ਛੋਟੀ ਉਮਰ ਦਾ ਸੀ। ਜਦੋਂ ਉਹ ਵੱਡਾ ਹੋ ਗਿਆ ਤਾਂ ਆਪਣੀ ਮਾਂ ਨੂੰ ਅਜਿਹੇ ਸਬੰਧਾਂ ਤੋਂ ਰੋਕਣ ਲੱਗਾ। ਦੋਵਾਂ ਨੇ ਮਿਲ ਕੇ 19-20 ਅਗਸਤ ਦੀ ਦਰਮਿਆਨੀ ਰਾਤ ਨੂੰ ਹੇਠਾਂ ਢਾਹ ਕੇ ਸੁੱਖੀ ਦਾ ਸਾਹ ਘੁੱਟ ਕੇ ਧੱਕੇ ਨਾਲ ਉਸ ਦੇ ਮੂੰਹ ਵਿਚ ਰਾਊਂਡਅਪ ਨਾਂ ਦੀ ਜ਼ਹਿਰੀਲੀ ਦਵਾਈ ਪਾ ਦਿੱਤੀ।
ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਆਪਣੇ ਗੇਟ ਦੀ ਕੰਧ ਨਾਲ ਲਾ ਕੇ ਰੱਖ ਦਿੱਤਾ। ਜਦੋਂ ਪੁਲਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਨਰਿੰਦਰ ਕੌਰ ਤੇ ਡੋਗਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਵਾਂ ਨੇ ਕਤਲ ਮੰਨ ਲਿਆ। ਐੈੱਸ. ਐੈੱਚ. ਓ. ਸਦਰ ਨਾਭਾ ਬਿੱਕਰ ਸਿੰਘ ਨੇ ਦੋਵਾਂ ਖਿਲਾਫ ਥਾਣਾ ਸਦਰ ਨਾਭਾ ਵਿਚ 302 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਡੀ. ਐੈੱਸ. ਪੀ. ਨਾਭਾ ਦਵਿੰਦਰ ਅਤਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।