ਮਾਂ ਦੀ ਲਾਸ਼ ਨੂੰ ਟੋਟੇ-ਟੋਟੇ ਕਰਨ ਤੋਂ ਬਾਅਦ ਭਰਾ ਦਾ ਕਤਲ ਕਰਨ ਵਾਲਾ ਦਰਿੰਦਾ ਗ੍ਰਿਫ਼ਤਾਰ, ਕੀਤਾ ਵੱਡਾ ਖੁਲਾਸਾ
Tuesday, Jul 04, 2023 - 06:20 PM (IST)
ਪਟਿਆਲਾ/ਪਾਤੜਾਂ (ਬਲਜਿੰਦਰ, ਜ. ਬ., ਮਾਨ) : ਪਾਤੜਾਂ ਪੁਲਸ ਨੇ ਮਾਂ ਅਤੇ ਭਰਾ ਦਾ ਨੂੰ ਕਤਲ ਕਰਨ ਵਾਲੇ ਦਰਿੰਦੇ ਨੂੰ ਦੋ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ’ਚ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਕਸ਼ਮੀਰ ਸਿੰਘ ਅਤੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀਆਨ ਕਾਂਗਲਾ ਥਾਣਾ ਪਾਤੜਾਂ ਸ਼ਾਮਲ ਹਨ। ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਭਗਵਾਨ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਕਾਂਗਲਾ ਜੋ ਮ੍ਰਿਤਕਾ ਪਰਮਜੀਤ ਕੌਰ ਦੇ ਚਾਚੇ ਦਾ ਲੜਕਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਵਿੰਦਰ ਸਿੰਘ ਉਰਫ ਬਿੰਦਾ ਉਕਤ ਨੇ ਆਪਣੇ ਸਾਥੀਆਂ ਰਜਿੰਦਰ ਸਿੰਘ ਉਰਫ ਰਾਜਾ ਅਤੇ ਰਣਜੀਤ ਸਿੰਘ ਉਰਫ ਰਾਣਾ ਨਾਲ ਮਿਲ ਕੇ ਉਸ ਦੀ ਭੈਣ ਮ੍ਰਿਤਕ ਪਰਮਜੀਤ ਕੌਰ ਪਤਨੀ ਰਘਵੀਰ ਸਿੰਘ ਵਾਸੀ ਕਾਂਗਥਲਾ ਅਤੇ ਭਾਣਜੇ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੋਧਾ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖ਼ਿਲਾਫ ਥਾਣਾ ਪਾਤੜਾਂ ਵਿਖੇ 302, 201, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਚੋਰੀ ਕਰਨ ਆਏ ਚੋਰ ਨਾਲ ਹੋਈ ਜੱਗੋਂ ਤੇਰਵੀਂ, ਜਾਣੋ ਕੀ ਹੈ ਪੂਰਾ ਮਾਮਲਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਨਾਮਜ਼ਦ ਕਰਨ ਤੋਂ ਬਾਅਦ ਐੱਸ. ਪੀ. ਆਪਰੇਸ਼ਨ ਸੌਰਵ ਜਿੰਦਲ, ਡੀ. ਐੱਸ. ਪੀ. ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਸ਼ੁਤਰਾਣਾ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਤਿੰਨਾਂ ਨੇ ਮਿਲ ਕੇ ਲੰਘੀਂ 25 ਜੂਨ ਨੂੰ ਸਵੇਰੇ ਲਗਭਗ 10 ਵਜੇ ਪਰਮਜੀਤ ਕੌਰ ਨੂੰ ਸੱਬਲ ਮਾਰ ਕੇ ਮਾਰਿਆ ਸੀ। ਉਸੇ ਦਿਨ ਹੀ ਤਿੰਨਾਂ ਨੇ ਦੁਪਹਿਰ 1 ਵਜੇ ਜਸਵਿੰਦਰ ਸਿੰਘ ਉਰਫ ਯੋਧਾ ਉਸ ਦੇ ਸਿਰ ’ਚ ਸੱਬਲਾਂ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਉਰਫ ਗਿੰਦਾ ਦੀ ਅਲਟੋ ਕਾਰ ’ਚ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੋਧਾ ਦੀ ਲਾਸ਼ ਨੂੰ ਘਰ ਲਿਜਾ ਕੇ ਲਾਸ਼ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਖਨੌਰੀ ਨੇੜੇ ’ਚ ਸੁੱਟ ਦਿੱਤੀ ਸੀ ਅਤੇ ਪਰਮਜੀਤ ਕੌਰ ਦੀ ਲਾਸ਼ ਦੇ ਘਰ ’ਚ ਦਾਤਰ ਨਾਲ ਟੁੱਕੜੇ ਕਰਕੇ ਘਰ ਦੇ ਕੌਨੇ ’ਚ ਸਾੜ ਦਿੱਤੀ ਸੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸਿਆ, ਦੋਵਾਂ ਜੀਆਂ ਦੀ ਹੋਈ ਮੌਤ
ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ ਦਾ ਪਹਿਲਾਂ ਵਿਆਹ ਜਾਨਪਾਲ ਸਿੰਘ ਨਾਲ ਹੋਇਆ ਸੀ। ਉਸ ਸਮੇਂ ਪਰਮਜੀਤ ਕੌਰ ਦੀ ਕੁੱਖ ਤੋਂ ਇਸ ਕੇਸ ’ਚ ਨਾਮਜ਼ਦ ਗੁਰਵਿੰਦਰ ਸਿੰਘ ਉਰਫ ਜਿੰਦਾ ਨੇ ਜਨਮ ਲਿਆ ਸੀ। ਮ੍ਰਿਤਕ ਪਰਮਜੀਤ ਕੌਰ ਦਾ ਉਸ ਦੇ ਪਹਿਲੇ ਪਤੀ ਨਾਲ ਤਲਾਕ ਹੋਣ ’ਤੇ ਉਸ ਦੀ ਦੁਬਾਰਾ ਸ਼ਾਦੀ ਰਘਬੀਰ ਸਿੰਘ ਨਾਲ ਹੋਈ ਸੀ। ਰਘਬੀਰ ਸਿੰਘ ਦੀ ਮੌਤ ਵੀ ਸਾਲ 2011 ’ਚ ਹੋ ਗਈ ਸੀ। ਪਰਮਜੀਤ ਕੌਰ ਦੀ ਕੁੱਖੋਂ ਦੂਸਰਾ ਲੜਕਾ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੋਧਾ ਨੇ ਜਨਮ ਲਿਆ ਸੀ। ਦੋਵੇਂ ਲੜਕੇ ਮ੍ਰਿਤਕ ਪਰਮਜੀਤ ਕੌਰ ਕੋਲ ਹੀ ਰਹਿ ਰਹੇ ਸਨ। ਇਨ੍ਹਾਂ ਤਿੰਨਾਂ ਨੇ ਪੁੱਛਗਿੱਛ ’ਚ ਇਹ ਵੀ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਗੁਰਵਿੰਦਰ ਸਿੰਘ ਆਪਣੀ ਮਾਤਾ ਪਾਸੋਂ ਨਸ਼ੇ ਲਈ ਪੈਸੇ ਮੰਗਦਾ ਸੀ। ਉਸ ਦੀ ਮਾਤਾ ਪਰਮਜੀਤ ਕੌਰ ਵੱਲੋਂ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਗੁਰਵਿੰਦਰ ਸਿੰਘ ਦੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ ਯੁਧਾ ਨੇ ਵੀ ਇਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਿਸ਼ ਕਰ ਕੇ ਹੀ ਇਨ੍ਹਾਂ ਤਿੰਨਾਂ ਨੇ ਰਲ ਕੇ ਇਕ ਵਿਉਂਤਬੰਦੀ ਬਣਾ ਕੇ ਪਰਮਜੀਤ ਕੌਰ ਅਤੇ ਉਸ ਦੇ ਲੜਕੇ ਜਸਵਿੰਦਰ ਸਿੰਘ ਦਾ ਕਤਲ ਕੀਤਾ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਸੌਰਵ ਜਿੰਦਲ, ਡੀ. ਐੱਸ. ਪੀ. ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਨੌਜਵਾਨ ਪਤੀ-ਪਤਨੀ ਦੀ ਮੌਤ, 7 ਮਹੀਨਿਆਂ ਦੀ ਗਰਭਵਤੀ ਸੀ ਔਰਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani