ਮਾਂ ਦਿਵਸ ’ਤੇ ਵਿਸ਼ੇਸ਼ : ਸਾਲ ’ਚ ਸਿਰਫ਼ ਇਕ ਦਿਨ ਨਹੀਂ ਸਗੋਂ ਹਰ ਰੋਜ਼ ਹੋਵੇ ‘ਮਾਂ ਦਿਵਸ ’

Sunday, May 09, 2021 - 12:57 PM (IST)

ਸਮਰਾਲਾ (ਬੰਗੜ, ਗਰਗ) : ਮਨੁੱਖ ਦੀ ਜ਼ਿੰਦਗੀ ’ਚ ਮਾਂ ਦਾ  ਰੁਤਵਾ ਲਾਜਵਾਬ ਅਤੇ ਬੇਮਿਸਾਲ ਹੈ। ਇਸ ਦੁਨੀਆਂ ਦਾ ਮੁੱਢ ਬੰਨਣ ਵਾਲ਼ੀ ਮਾਂ ਨੂੰ ਭਾਵੇਂ ਬੋਹੜ ਦੀ ਠੰਡੀ ਛਾਂ ਕਹਿ ਲਵੋ ਜਾਂ ਰੱਬ ਦਾ ਦੂਜਾ ਰੂਪ ਕਹਿ ਲਵੋ, ਇਹ ਸਾਰੇ ਵੱਡੇ-ਵੱਡੇ ਮਾਇਨੇ ਰੱਖਣ ਵਾਲ਼ੇ ਸ਼ਬਦ ਵੀ ਉਸ ਮਾਂ ਦੀ ਮਾਣਮੱਤੇ ਰੁਤਵੇ ਅੱਗੇ ਬੌਣੇ ਸਾਬਿਤ ਹੋ ਜਾਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿੱਸੇ ਬਿਸਤਰੇ ਦਾ ਗਿੱਲਾ ਪਾਸਾ, ਠੰਡੀ ਰੋਟੀ, ਔਲਾਦ ਦੇ ਘਰ ਆਉਣ ਦੀ ਉਡੀਕ ਅਤੇ ਫਿਕਰ ਆਏ ਹਨ, ਉਸਨੂੰ ਦੇਖ ਕੇ ਲੱਗਦਾ ਹੈ ਕਿ ਸਾਲ ਵਿੱਚ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਹਰ ਦਿਨ ਹੀ ‘ਮਾਂ ਦਿਵਸ’ ਹੋਣਾ ਚਾਹੀਦਾ ਹੈ।  ਦੁਨੀਆ ਭਰ ਵਿੱਚ ਅੱਜ ਦੇ ਦਿਨ ਨੂੰ ਮਾਂ ਦੇ ਸਤਿਕਾਰ ਵਿੱਚ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇ  ਹੋਂਦ ਵਿੱਚ ਆਉਣ ਪਿੱਛੇ ਇਤਿਹਾਸਕ ਘਟਨਾ ਇਹ ਹੈ ਕਿ 10 ਮਈ 1908 ਨੂੰ ਅਮਰੀਕਾ ਦੇ ਸ਼ਹਿਰ ਗ੍ਰਾਫ਼ਨ ਦੀ ਇੱਕ ਚਰਚ ਅਤੇ ਫ਼ਿਲਾਡੇਲਫੀਆ ਵਿੱਚ ਪਹਿਲੀ ਵਾਰ ਮਾਂ ਦਿਵਸ ਸਬੰਧੀ ਸਮਾਗਮ ਕਰਵਾਏ ਗਏ। 1912 ਵਿੱਚ ਅੰਨਾ ਜਾਰਵਿਸ ਨੂੰ ਫਾਊਂਡਰ ਦੇ ਰੂਪ ਵਿੱਚ ਅੱਗੇ ਲਿਆ ਕੇ ਮਾਂ ਦਿਵਸ ਮਨਾਉਣ ਲਈ ਇੱਕ ਮਤਾ ਪਾਸ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮਾਂ ਦੇ ਮਾਣ-ਸਤਿਕਰਾ ਹਿੱਤ ਹੁਣ ਭਾਰਤ ਸਮੇਤ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ‘ਮਾਂ ਦਿਵਸ’ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।  ਅੱਜ ਮਾਂ ਦਿਵਸ ਮੌਕੇ ਪੇਸ਼ ਹਨ ਕੁੱਝ ਸਖਸ਼ੀਅਤਾਂ ਦੇ ਵਿਚਾਰ- 

ਮਾਂ ਦੇ ਸੰਸਕਾਰਾਂ ਨੇ ਮੈਨੂੰ ਪੜਾਉਣ ਦੇ ਕਾਬਿਲ ਬਣਾਇਆ : ਅਮਰੀਕ ਬਲਾਲ਼ਾ
ਬਾਬਾ ਹਸਤਲਾਲ ਪਬਲਿਕ ਸਕੂਲ ਖੱਟਰਾਂ ਦੇ ਡਾਇਰੈਕਟਰ ਅਮਰੀਕ ਸਿੰਘ ਬਲਾਲ਼ਾ ਦਾ ਕਹਿਣਾ ਹੈ ਕਿ ਘਰ ਵਿੱਚ ਮਾਂ ਪ੍ਰਮਾਤਮਾ ਦੇ ਪ੍ਰਕਾਸ਼ ਵਾਂਗ ਹੁੰਦੀ ਹੈ, ਮਾਂ ਦੇ ਦਿੱਤੇ ਹੋਏ ਸੰਸਕਾਰ ਅਤੇ ਦੁਆਵਾਂ ਅਤੇ ਅਸੀਸਾਂ ਮਾਂ ਦੀ ਹਮੇਸ਼ਾਂ ਔਲਾਦ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀਆਂ ਰਹਿੰਦੀਆਂ ਹਨ। ਮੈਂ ਹਮੇਸ਼ਾਂ ਮੰਨਦਾ ਹਾਂ ਕਿ ਮੈਂ ਖੁੱਦ ਮਾਂ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਅੱਜ ਇਕ ਸਕੂਲ ਚਲਾਉਣ ਦੇ ਕਾਬਿਲ ਬਣਿਆਂ ਹਾਂ, ਜਿੱਥੇ ਹਜ਼ਾਰਾਂ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਉਸਦਾ ਕਹਿਣਾ ਹੈ ਕਿ ਅਸੀਂ ਆਪਣੇ ਸਕੂਲ ਵਿੱਚ ਵੀ ਹਮੇਸ਼ਾਂ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਮਾਣਸਤਿਕਾਰ ਕਰਨ ਦੇ ਲਈ ਪ੍ਰੇਰਣਾ ਦਿੰਦੇ ਹਾਂ। ਮੇਰਾ ਮੰਨਣਾ ਹੈ ਕਿ ਮਾਂ ਦੀ ਬਦੌਲਤ ਹੀ ਬੱਚੇ ਵੱਡੇ-ਵੱਡੇ ਮੁਕਾਮਾਂ ‘ਤੇ ਫਤਹਿ ਹਾਸਲ ਕਰਦੇ ਹਨ।  

PunjabKesari

ਮੇਰੇ ਲਈ ਮਾਂ ਹੀ ਕੁੱਲ ਸੰਸਾਰ ਹੈ : ਮਨਦੀਪ ਸਿੰਘ ਰਿਐਤ
ਸਮਾਜ ਸੇਵੀ ਅਤੇ ਵੀਰ ਸਿੰਘ ਐਂਡ ਸੰਨਜ਼ ਦੇ ਸੰਚਾਲਕ ਮਨਦੀਪ ਸਿੰਘ ਰਿਐਤ ਦਾ ਕਹਿਣਾ ਹੈ ਕਿ ਮੇਰੇ ਲਈ ਮਾਂ ਹੀ ਕੁੱਲ ਸੰਸਾਰ ਹੈ ਕਿਉਂਕਿ ਪਿਤਾ ਦੇ ਸਾਡੀ ਜ਼ਿੰਦਗੀ ’ਚੋਂ ਸਦਾ ਲਈ ਤੁਰ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ ’ਚ ਘੋਰ ਅੰਧੇਰ ਸੀ ਪਰ ਮਾਂ ਪਰਮਿੰਦਰ ਕੌਰ ਮੇਰੇ ਲਈ ਪਿਤਾ ਬਣ ਕੇ ਖਲੋਅ ਗਈ । ਮੇਰੀ ਜ਼ਿੰਦਗੀ ’ਚ ਉਮੀਦਾਂ ਦਾ ਸੂਰਜ ਉੱਗਮ ਗਿਆ। ਮੈਂ ਆਪਣੀ ਮਾਂ ਵਿਚੋਂ ਹਮੇਸ਼ਾਂ ਪਰਮਾਤਮਾ ਨੂੰ ਦੇਖਦਾ ਹਾਂ ਕਿਉਂਕਿ ਉਸਨੇ ਮੈਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਹਰ ਘਰ ਵਿਚ ਮਾਂ ਦਾ ਮਾਣ ਸਤਿਕਾਰ ਰੱਬ ਦੇ ਬਰਾਬਰ ਹੋਣਾ ਚਾਹੀਦਾ ਹੈ ਕਿਉਂਕਿ ਮਾਂ ਭਾਵੇਂ ਕਿਸੇ ਵੀ ਧਰਮ, ਕਿਸੇ ਵੀ ਜਾਤੀ ਜਾਂ ਕਿੰਨੀ ਵੀ ਗਰੀਬ ਅਤੇ ਕਿੰਨੀ ਹੀ ਅਮੀਰ ਘਰ ਦੀ ਹੋਵੇ, ਉਹ ਆਪਣੀ ਔਲਾਦ ਲਈ ਇਕੋ ਜਿਹੀ ਫਿਕਰਮੰਦ ਹੁੰਦੀ ਹੈ। 

ਮਾਂ ਤੋਂ ਵੱਧਕੇ ਕੁੱਝ ਵੀ ਨਹੀਂ: ਅਵਤਾਰ ਕੋਟਾਲਾ
ਲੋਕ  ਸੇਵਾ ਮਿਸ਼ਨ ਸਮਰਾਲਾ ਦੇ ਆਗੂ ਅਵਤਾਰ ਸਿੰਘ ਕੋਟਾਲਾ ਦਾ ਕਹਿਣਾ ਹੈ ਕਿ ਮਾਂ ਔਲਾਦ ਲਈ ਸਿ੍ਰ੍ਰਸ਼ਟੀ ਦੇ ਸਮਾਨ ਹੁੰਦੀ ਹੈ ਅਤੇ ਮਾਂ ਤੋਂ ਵੱਧਕੇ ਕੁੱਝ ਵੀ ਨਹੀਂ। ਬਚਪਨ ਤੋਂ ਲੈ ਕੇ ਮਾਂ ਦੀਆਂ ਦਿੱਤੀਆਂ ਅਸੀਸਾਂ ਸਾਰੀ ਉਮਰ ਔਲਾਦ ਲਈ ਵਰਦਾਨ ਸਾਬਿਤ ਹੁੰਦੀਆਂ ਹਨ। ਮੇਰੇ ਲਈ ਮਾਂ ਸਿਰਫ਼ ਮਾਂ ਹੀ ਨਹੀਂ ਸਗੋਂ ਪਿਤਾ ਵੀ ਸੀ ਕਿਉਂ ਕਿ ਮੇਰੀ ਸੋਝੀ ਸੰਭਲਣ ਤੋਂ ਪਹਿਲਾਂ ਹੀ ਮਾਂ ਦੇ ਸਿਰ ਤੇ ਚਿੱਟੀ ਚੁੰਨੀ ਆ ਗਈ ਸੀ ਉਹ ਫਿਰ ਵੀ ਪਰਮਾਤਮਾ ਤੋਂ ਸਾਡੇ ਲਈ ਦੁਆਵਾਂ ਮੰਗਦੀ, ਇਸ ਦੁਨੀਆਂ ਤੋਂ ਰੁਕਸਤ ਹੋ ਗਈ ਤੇ ਸਾਨੂੰ ਇਸ ਸਮਾਜ ਵਿੱਚ ਸਿਰ ਉੱਚਾ ਕਰਕੇ  ਸਲੀਕੇ ਨਾਲ਼ ਜਿਊਣ ਦੀ ਜਾਂਚ ਸਿੱਖਾ ਗਈ। 

PunjabKesari

ਪਰਮਾਤਮਾ ਦੇ ਵਾਂਗ ਹੁੰਦੀ ਹੈ ਮਾਂ: ਗੁਰਲੀਨ ਕੌਰ ਗਿੱਲ
ਕੈਨੇਡਾਂ ਦੀ ਧਰਤੀ ‘ਤੇ ਵਸਦੀ ਪੰਜਾਬ ਦੀ ਧੀ ਗੁਰਲੀਨ ਕੌਰ ਗਿੱਲ ਦਾ ਕਹਿਣਾ ਹੈ ਕਿ ਘਰ ਵਿੱਚ ਮਾਂ ਦਾ ਹੋਣਾ ਪਰਮਾਤਮਾ ਵਾਂਗ ਹੁੰਦਾ ਹੈ ਜੋ ਆਪਣੀ ਔਲਾਦ ਲਈ ਰਾਹ ਦਸੇਰਾ ਸਾਬਿਤ ਹੁੰਦਾ ਹੈ। ਮਾਂ ਹੀ ਔਲਾਦ ਨੂੰ ਚੰਗੇ ਅਤੇ ਬੁਰੇ ਦਾ ਅਰਥ ਸਮਝਾਉਂਦੀ ਹੈ ਅਤੇ ਹਮੇਸ਼ਾਂ ਹੀ ਆਪਣੀ ਔਲਾਦ ਨੂੰ ਚੰਗੇ ਬਣਨ ਲਈ ਸਹੀ ਰਾਹ ‘ਤੇ ਤੌਰਨ ਦਾ ਯਤਨ ਕਰਦੀ ਹੈ। ਭਾਂਵੇ ਅੱਜ ਮੈਂ ਸੱਤ ਸਮੁੰਦਰਾਂ ਤੋਂ ਪਾਰ ਬੈਠੀ ਹਾਂ ਫਿਰ ਵੀ ਮੇਰੀ ਮਾਂ ਮੇਰਾ ਪਲਪਲ ਦਾ ਫਿਕਰ ਕਰਦੀ ਹੈ ਅਤੇ ਮੇਰੀ ਤਰੱਕੀ ਅਤੇ ਖੁਸ਼ਹਾਲੀ ਲਈ ਦੁਆਵਾਂ ਕਰਦੀ ਹੈ।  ਮੇਰੀ ਮਾਂ ਆਪਣੀ ਔਲਾਦ ਦਾ ਧਿਆਨ ਵੀ ਰੱਖਦੀ ਹੈ ਅਤੇ ਮੇਰੇ ਪਿਤਾ ਗੁਰਦੀਪ ਸਿੰਘ ਗਿੱਲ ਲਈ ਆਦਰਸ਼ ਪਤਨੀ ਦੀ ਭੂਮਿਕਾ ਵੀ ਨਿਭਾ ਰਹੀ ਹੈ।

PunjabKesari

ਰੱਬ ਜ਼ਰੂਰ ਮੇਰੀ ਮਾਂ ਵਰਗਾ ਹੋਵੇਗਾ: ਮਨਜੋਤ ਕੰਗ ਕੈਨੇਡਾ
ਕੈਨੇਡਾ ਦੀ ਧਰਤੀ ‘ਤੇ ਸਿਹਤ ਸੇਵਾਵਾਂ ਦੇ ਰਹੇ ਡਾ. ਮਨਜੋਤ ਸਿੰਘ ਕੰਗ ਦਾ ਕਹਿਣਾ ਹੈ ਕਿ ਰੱਬ ਨੂੰ ਕਦੇ ਸਾਹਮਣੇ ਤੋਂ ਦੇਖਿਆ ਤਾਂ ਨਹੀਂ ਘਰ ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਹੀ ਮੇਰੀ ਮਾਂ ਦੇ ਵਰਗਾ ਹੋਵੇਗਾ ਕਿਉਂਕਿ ਮੈਂ ਹਮੇਸ਼ਾ ਹੀ ਮਾਂ ਵਿਚੋਂ ਰੱਬ ਨੂੰ ਤੱਕਿਆ ਹੈ। ਮੇਰੀ ਮਾਂ ਪਰਮਜੀਤ ਕੌਰ ਕੰਗ ਨੇ ਹਮੇਸ਼ਾ ਹੀ ਮੈਨੂੰ ਹੱਕ ਤੇ ਸੱਚ ਨਾਲ ਖੜਣਾ ਸਿੱਖਾਇਆ ਹੈ ਅਤੇ ਇਹ ਸਮਝਾਇਆ ਹੈ ਕਿ ਕਿਸੇ ਦਾ ਮਾੜਾ ਨਹੀਂ ਕਰਨਾ ਅਤੇ ਨਾ ਹੀ ਕਿਸੇ ਨਾਲ਼ ਧੱਕਾ ਹੁੰਦਾ ਵੇਖ ਚੁੱਪ ਕਰਨਾ ਹੈ। ਬੱਸ ਮਾਂ ਵੱਲੋਂ ਦਿੱਤੇ ਉੱਚ ਸੰਸਕਾਰਾਂ ਦੀ ਬਦੌਲਤ ਅੱਜ ਮੈਂ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਅਡੋਲ ਹਾਂ ਕਿਉਂ ਕਿ ਮੈਨੂੰ ਪਤਾ ਹੈ ਕਿ ਮੇਰੇ ‘ਤੇ ਕਿੰਨਾ ਵੀ ਵੱਡਾ ਤੂਫ਼ਾਨ ਆ ਜਾਵੇ ,ਮੇਰੀ ਮਾਂ ਰੱਬ ਬਣਕੇ ਮੇਰੇ ਨਾਲ਼ ਖੜੀ ਹੋ ਜਾਵੇਗੀ। 
 


Anuradha

Content Editor

Related News