7 ਲੱਖ ਤੋਂ ਵਧੇਰੇ ਠੀਕ ਹੋਏ ਕੋਰੋਨਾ ਦੇ ਮਰੀਜ਼, ਅਮਰੀਕਾ ਲਈ ਨਹੀਂ ਹੈ ਚੰਗੀ ਖ਼ਬਰ

Wednesday, Apr 22, 2020 - 10:25 PM (IST)

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਭਿਆਨਕ ਬੀਮਾਰੀ ਕਾਰਨ ਹੁਣ ਤੱਕ ਪੌਣੇ ਦੋ ਲੱਖ ਤੋਂ ਵਧੇਰੇ ਲੋਕਾਂ ਦਾ ਜਾਨ ਜਾ ਚੁੱਕੀ ਹੈ। ਇਸ ਦੇ ਨਾਲ਼-ਨਾਲ਼ ਇਸ ਬੀਮਾਰੀ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ  ਗਿਣਤੀ ਵੀ 26 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਪਰ ਇਸ ਸਭ ਦਰਮਿਆਨ ਉਮੀਦ ਭਰੀ ਖਬਰ ਇਹ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 7 ਸੱਤ ਲੱਖ ਤੋਂ ਪਾਰ ਹੋ ਚੁੱਕੀ ਹੈ। ਵੈੱਬਸਾਈਟ ਵਰਲਡੋਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 7 ਲੱਖ 5 ਹਜ਼ਾਰ ਤੋਂ ਉੱਪਰ ਜਾ ਚੁੱਕੀ ਹੈ। ਇਸ ਭਿਆਨਕ ਬੀਮਾਰੀ ਨਾਲ ਅਮਰੀਕਾ ਸਮੇਤ ਸਪੇਨ, ਇੰਗਲੈਂਡ ਅਤੇ ਯੂਰਪ ਦੇ ਵਧੇਰੇ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

PunjabKesari

ਅਮਰੀਕਾ ਤੋਂ ਬਾਅਦ ਸਪੇਨ ਵਿਚ ਹਾਲਾਤ ਕਾਫੀ ਭਿਆਨਕ ਹਨ। ਇੱਥੇ ਹੁਣ ਤੱਕ ਦੋ ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ-ਨਾਲ ਇੱਥੇ 21 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਇਟਲੀ ਵਿਚ ਵੀ ਹਾਲਾਤ ਚਿੰਤਾਜਨਕ ਹਨ। ਇੱਥੇ ਹੁਣ ਤੱਕ ਪੌਣੇ 2 ਲੱਖ ਤੋਂ ਵਧੇਰੇ ਲੋਕ ਇਸ ਭਿਆਨਕ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ। ਇਸ ਦੇ ਨਾਲ-ਨਾਲ ਇੱਥੇ ਹੁਣ ਤੱਕ 24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਵੀ ਇਸੇ ਬੀਮਾਰੀ ਕਾਰਨ ਹੋ ਚੁੱਕੀ ਹੈ। 

ਪੀੜਤ ਮਰੀਜ਼ਾਂ ਦਾ ਤੀਜਾ ਹਿੱਸਾ ਗਿਣਤੀ ਇਕੱਲੇ ਅਮਰੀਕਾ ਵਿਚ, ਕੁੱਲ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਇੱਥੇ 

ਇਸ ਬੀਮਾਰੀ ਨਾਲ ਭਾਵੇਂ ਕਿ ਸਮੁੱਚੀ ਦੁਨੀਆ ਦੇ ਜ਼ਿਆਦਾਤਰ ਦੇਸ਼ ਪ੍ਰਭਾਵਿਤ ਹਨ ਪਰ ਅਮਰੀਕਾ ਵਿਚ ਇਸ ਦਾ ਕਹਿਰ ਬਹੁਤ ਜ਼ਿਆਦਾ ਹੈ। ਇਕੱਲੇ ਅਮਰੀਕਾ ਵਿਚ ਇਸ ਵੇਲੇ ਤੱਕ ਕੋਰੋਨਾ ਵਾਇਰਸ ਦੇ ਤੀਜ਼ਾ ਹਿੱਸਾ ਮਰੀਜ਼ ਹੋ ਚੁੱਕੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ ਸਵਾ 8 ਲੱਖ ਦੇ ਕਰੀਬ ਹੈ ਜਦ ਕਿ ਦੁਨੀਆ ਭਰ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਪੌਣੇ 26 ਲੱਖ ਦੇ ਕਰੀਬ ਹੈ। ਇਸੇ ਤਰ੍ਹਾਂ ਦੁਨੀਆ ਭਰ ਵਿਚ ਹੋਈਆਂ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਇਕੱਲੇ ਅਮਰੀਕਾ ਵਿਚ ਹੈ।ਇੱਥੇ ਹੁਣ ਤੱਕ ਇਸ ਬੀਮਾਰੀ ਨਾਲ 45 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ  ਜਦਕਿ  ਦੁਨੀਆ ਭਰ ਦਾ ਇਹ ਅੰਕੜਾ ਪੌਣੇ ਦੋ ਲੱਖ ਦੇ ਕਰੀਬ ਹੈ।  ਇਸ ਦੇ ਨਾਲ ਅਮਰੀਕਾ ਲਈ ਇਕ ਬੁਰੀ ਖ਼ਬਰ ਇਹ ਵੀ ਹੈ ਕਿ ਇੱਥੇ ਕੋਰੋਨਾ ਵਾਇਰਸ ਦਾ ਦੂਜਾ ਦੌਰ ਸ਼ੁਰੂ ਹੋਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਹ ਚਿਤਾਵਨੀ ਅਮਰੀਕਾ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਦਿੱਤੀ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ ਵਿਚ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਦੂਜਾ ਦੌਰ ਸ਼ੁਰੂ ਹੋ ਜਾਵੇਗਾ, ਜੋ ਵਰਤਮਾਨ ਕੋਵਿਡ-19 ਸੰਕਟ ਨਾਲੋਂ ਜ਼ਿਆਦਾ ਭਿਆਨਕ ਹੋਵੇਗਾ।

PunjabKesari

ਅਮਰੀਕੀ ਰੋਗ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਰੌਬਰਟ ਰੈਡਫੀਲਡ ਨੇ ਬਿਆਨ ਅਮਰੀਕਾ ਦੀ ਮੁੱਖ ਅਖਬਾਰ ਵਾਸ਼ਿੰਗਟਨ ਪੋਸਟ' ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਚੰਗੀ ਕਿਸਮਤ ਨਾਲ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਉਦੋਂ ਆਇਆ ਜਦੋਂ ਸੀਜ਼ਨਲ ਸਧਾਰਨ ਫਲੂ ਲਗਭਗ ਖਤਮ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਅਜਿਹਾ ਖਦਸ਼ਾ ਹੈ ਕਿ ਸਾਡੇ ਦੇਸ਼ ਵਿਚ ਅਗਲੀਆਂ ਸਰਦੀਆਂ ਵਿਚ ਵਾਇਰਸ ਦਾ ਮੁੜ ਹਮਲਾ ਹੋਵੇਗਾ, ਜੋ ਇਸ ਦੇ ਮੁਕਾਬਲੇ ਵਧੇਰੇ ਭਿਆਨਕ ਹੋਵੇਗਾ।

ਭਾਰਤ ਵਿਚ ਵੀ ਵਧ ਰਿਹਾ ਹੈ ਕੋਰੋਨਾ ਦਾ ਕਹਿਰ

ਮੌਜੂਦਾ ਦੌਰ ’ਚ ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਇੱਥੇ ਹੁਣ ਤੱਕ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 20,471 ਹੋ ਗਈ ਹੈ। ਇਸ ਦੇ ਨਾਲ-ਨਾਲ ਇੱਥੇ ਹੁਣ ਤੱਕ ਕੁਲ 652 ਲੋਕਾਂ ਦੀ ਜਾਨ ਕੋਰੋਨਾ ਵਾਇਰਸ ਕਾਰਨ ਜਾ ਚੁੱਕੀ ਹੈ। ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ 1,486 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।


jasbir singh

News Editor

Related News