ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਲਿਤ ਨੂੰ ਬਣਾਇਆ ਬੰਧਕ, ਰੱਸੀਆਂ ਨਾਲ ਬੰਨ੍ਹੇ ਦੀ ਵੀਡੀਓ ਵਾਇਰਲ
Sunday, Jul 26, 2020 - 01:44 PM (IST)
ਨਾਭਾ (ਖੁਰਾਣਾ, ਭੂਪਾ): ਦੇਸ਼ ਅੰਦਰ ਧਨਾਢ ਲੋਕਾਂ ਵਲੋਂ ਗਰੀਬਾਂ ਨਾਲ ਕੀਤਾ ਜਾ ਰਿਹਾ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ।ਇਸੇ ਤਰ੍ਹਾਂ ਦੇ ਅੱਤਿਆਚਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨਾਭਾ ਬਲਾਕ ਦੇ ਪਿੰਡ ਅਲੋਹਰਾਂ ਕਲਾਂ ਪਿੰਡ ਦੀ ਹੈ, ਜਿੱਥੇ ਕੁਝ ਵਿਅਕਤੀਆਂ ਵਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਿੰਡ ਦੇ ਹੀ ਗਰੀਬ ਮਜ਼ਦੂਰ ਦਰਬਾਰਾ ਸਿੰਘ ਨੂੰ ਕੁਰਸੀ ਨਾਲ ਬੰਨ੍ਹ ਕੇ ਉਸ ਨੂੰ ਜ਼ਲੀਲ ਕੀਤਾ ਅਤੇ ਨਾਲ ਹੀ ਇਸ ਦੀ ਵੀਡੀਓ ਵਾਇਰਲ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: 15 ਸਾਲ ਪਹਿਲਾਂ ਹੋਈ ਸੀ ਨੂੰਹ-ਪੁੱਤਰ ਦੀ ਮੌਤ, ਹੁਣ ਅੰਨ੍ਹੀ ਦਾਦੀ ਦੇ ਆਖਰੀ ਸਹਾਰੇ ਪੋਤਰੇ ਨੇ ਵੀ ਤੋੜਿਆ ਦਮ
ਨਾਭਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਪੀੜਤ ਦਰਬਾਰਾ ਸਿੰਘ ਨੇ ਦੱਸਿਆ ਕਿ ਮੈਨੂੰ ਕੁੱਝ ਵਿਅਕਤੀ ਆਪਣੇ ਘਰ ਲੈ ਗਏ ਅਤੇ ਉੱਥੇ ਮੇਰੇ ਨਾਲ ਕੁੱਟਮਾਰ ਕੀਤੀ। ਮੈਨੂੰ ਰੱਸੀਆਂ ਨਾਲ ਬੰਨ੍ਹ ਕੇ ਕਈ ਘੰਟੇ ਬੰਧਕ ਬਣਾਈ ਰੱਖਿਆ, ਜਲੀਲ ਕੀਤਾ ਗਿਆ ਅਤੇ ਮੇਰੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ। ਇਹ ਸਾਰਾ ਹੀ ਘਟਨਾਕ੍ਰਮ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਾਪਰਿਆ। ਉਨ੍ਹਾਂ ਵਲੋਂ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ।ਇਸ ਮੌਕੇ ਪੀੜਤ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਮੈਂ ਕਈ ਥਾਈਂ ਮਦਦ ਦੀ ਗੁਹਾਰ ਲਈ ਪਰ ਕਿਸੇ ਨੇ ਨਹੀਂ ਸੁਣੀ। ਅਖ਼ੀਰ ਪੁਲਸ ਦੀ ਮਦਦ ਨਾਲ ਆਪਣੇ ਪਤੀ ਨੂੰ ਛੁਡਵਾਇਆ।
ਇਸ ਮੌਕੇ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ, ਰਾਜ ਸਿੰਘ ਟੋਡਰਵਾਲ, ਬੰਤ ਸਿੰਘ ਭੋੜੇ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਮੰਗ ਕੀਤੀ ਗਰੀਬ ਨਾਲ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ 'ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ
ਘਟਨਾ ਸਬੰਧੀ ਨਾਭਾ ਸਦਰ ਪੁਲਸ ਦੇ ਤਫ਼ਤੀਸ਼ੀ ਅਧਿਕਾਰੀ ਸੁਖਪਾਲ ਚੰਦ ਨੇ ਕਿਹਾ 5 ਵਿਅਕਤੀਆਂ ਵੱਲੋਂ ਦਰਬਾਰਾ ਸਿੰਘ ਦੇ ਨਾਲ ਕੁੱਟਮਾਰ ਕਰ ਬੰਧਕ ਬਣਾ ਕੇ ਵੀਡੀਓ ਵਾਇਰਲ ਕੀਤੀ ਗਈ ਹੈ। ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 5 ਵਿਅਕਤੀਆਂ ਖਿਲਾਫ ਧਾਰਾ 323, 341, 342, 142, 506, ਆਈ. ਪੀ. ਸੀ. ਅਤੇ 66-4 ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਤੋਂ ਜਦੋਂ ਜਾਤੀਸੂਚਕ ਸ਼ਬਦ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਪੜਤਾਲ ਕਰ ਰਹੇ ਹਾਂ।