ਮਹਿੰਦਰਪਾਲ ਕਤਲ ਕਾਂਡ: ਮੋਗਾ ਤੇ ਮਾਨਸਾ ਪੁਲਸ ਨੇ ਚਲਾਇਆ ਚੈਕਿੰਗ ਅਭਿਆਨ
Monday, Jun 24, 2019 - 04:37 PM (IST)

ਮੋਗਾ, ਮਾਨਸਾ (ਵਿਪਨ, ਅਮਰਜੀਤ) - 2 ਦਿਨ ਪਹਿਲਾਂ ਨਾਭਾ ਦੀ ਜੇਲ 'ਚ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਪੰਜਾਬ 'ਚ ਪੁਲਸ ਵਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਘਟਨਾ ਦੇ ਸਬੰਧ 'ਚ ਮੋਗਾ ਦੀ ਪੁਲਸ ਵੀ ਚੌਕਸ ਹੋ ਗਈ ਹੈ। ਪੁਲਸ ਵਲੋਂ ਕੋਟਕਪੂਰਾ ਦੇ ਹਰ ਰਾਸਤੇ 'ਤੇ ਨਾਕੇਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਮੋਗਾ 'ਚ ਅੱਜ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਵਲੋਂ ਫਲੈਗ ਮਾਰਚ ਵੀ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਗਾ ਦੇ ਡੀ. ਐੱਸ. ਪੀ. ਨੇ ਦੱਸਿਆ ਕਿ ਮਹਿੰਦਰਪਾਲ ਦੇ ਕਤਲ ਤੋਂ ਬਾਅਦ ਪੁਲਸ ਵਲੋਂ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਪੁੱਖਤਾ ਪ੍ਰਬੰਧਾ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਹਰ ਵਿਅਕਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਸ ਤੋਂ ਇਲਾਵਾ ਮਾਨਸਾ ਜ਼ਿਲੇ ਦੀ ਪੁਲਸ ਵਲੋਂ ਵੀ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਸ ਨੇ ਨਾਮ ਚਰਚਾ ਘਰ ਅਮਨ ਧਾਮ ਦੇ ਬਾਹਰ ਭਾਰੀ ਮਾਤਰਾ 'ਚ ਪੁਲਸ ਬਲ ਤਾਇਨਾਤ ਕਰ ਦਿੱਤੀ ਹੈ ਤਾਂਕਿ ਮਾਹੌਲ ਖਰਾਬ ਨਾ ਹੋ ਸਕੇ।