ਕੇਂਦਰ ਦੀਆਂ ਚਾਲਾਂ ਪੰਜਾਬ ਦੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ : ਮੁਹੰਮਦ ਸਦੀਕ
Tuesday, Jun 15, 2021 - 06:06 PM (IST)
ਕਿਸ਼ਨਪੁਰਾ ਕਲਾਂ (ਹੀਰੋ) : ਲੋਕ ਸਭਾ ਹਲਕਾ ਫਰੀਦਕੋਟ ਦੇ ਪਾਰਲੀਮੈਂਟ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਚਾਲਾਂ ਪੰਜਾਬ ਦੇ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੰਘੂ ਬਾਰਡਰ ’ਤੇ ਕੁਝ ਘਟਨਾਵਾਂ ਨੂੰ ਅੰਜਾਮ ਦੇਣ ਦੀ ਨਿਖੇਧੀ ਕਰਦਿਆਂ ਕਾਂਗਰਸੀ ਪਾਰਲੀਮੈਂਟ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਦੌਰ ਹੋਰ ਰੂਪ ਧਾਰਨ ਨਾ ਕਰੇ ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕਿਸਾਨਾਂ ਨਾਲ ਸਮਝੌਤਾ ਕਰ ਕੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਆਪਣੇ ਫ਼ੈਸਲੇ ’ਤੇ ਅੜੀ ਹੋਈ ਹੈ ਜੋ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਜੋ ਤਿੰਨ ਕਾਨੂੰਨ ਬਣਾਏ ਹਨ ਉਸ ਉਪਰ ਵੀ ਸਵਾਲ ਉਸ ਵੇਲੇ ਉੱਠਦਾ ਆ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਭਿਅੰਕਰ ਮਹਾਮਾਰੀ ਦੌਰਾਨ ਸਨਅਤੀ ਕਾਮਿਆਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਜਾਂਦੇ ਕਾਨੂੰਨ ਕਿਉਂ ਬਣਾ ਰਹੀ ਹੈ, ਜਦੋਂਕਿ ਰੋਟੀ ਰੋਜ਼ੀ ਦਾ ਸੰਕਟ ਅਤੇ ਦੇਸ਼ ਦੇ ਵਿੱਤੀ ਹਾਲਾਤ ਦਿਨ ਪ੍ਰਤੀ ਖ਼ਰਾਬ ਹੋ ਰਹੇ ਹਨ। ਅਖੀਰ ’ਚ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਆਪਣੀ ਵੈਕਸੀਨੇਸ਼ਨ ਕਰਵਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੇ ਇਸ ਘਾਤਕ ਬੀਮਾਰੀ ਤੋਂ ਰੱਖਿਆ ਕਰਨ।