ਪੰਜਾਬ ਬੋਰਡ ਨੇ ਬਣਾਇਆ 'ਅਪਰੈਲ ਫੂਲ, ਪੇਪਰ 10ਵੀਂ ਦਾ ਤੇ ਨਕਸ਼ਾ 9ਵੀਂ ਦਾ
Tuesday, Apr 02, 2019 - 09:36 AM (IST)
ਰਾਮਪੁਰਾ ਫੂਲ/ਮੋਹਾਲੀ(ਰਜਨੀਸ਼,ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਆਲਮ ਹੀ ਨਿਰਾਲਾ ਹੈ। ਸਾਲਾਨਾ ਪ੍ਰੀਖਿਆ ਦੀ ਲੜੀ 'ਚ ਸੋਮਵਾਰ ਨੂੰ ਲੱਖਾਂ ਵਿਦਿਆਰਥੀਆਂ ਦਾ ਸਮਾਜਿਕ ਸਿੱਖਿਆ ਦਾ ਪੇਪਰ ਸੀ ਪਰ 5 ਨੰਬਰ ਦੇ ਨਕਸ਼ੇ ਦਾ ਸਵਾਲ ਸਿਲੇਬਸ ਤੋਂ ਬਾਹਰ ਹੋਣ ਕਾਰਨ ਵਿਦਿਆਰਥੀਆਂ ਨੂੰ ਖੱਜਲ ਹੋਣਾ ਪਿਆ। ਸਿਲੇਬਸ ਤੋਂ ਬਾਹਰ ਆਏ ਨਕਸ਼ੇ 'ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ 10ਵੀਂ ਦੇ ਸਮਾਜਿਕ ਸਿੱਖਿਆ ਸਿਲੇਬਸ 'ਚ ਬੋਰਡ ਦੇ ਪਾਠਕ੍ਰਮ 'ਚ 1947 ਤੋਂ ਪਹਿਲਾਂ ਦੇ ਪੰਜਾਬ ਵਾਲਾ ਨਕਸ਼ਾ ਨਿਰਧਾਰਿਤ ਕੀਤਾ ਹੋਇਆ ਹੈ ਪਰ ਪੇਪਰ 'ਚ ਨਕਸ਼ੇ ਦਾ ਪ੍ਰਿੰਟ ਸੰਨ 1947 ਤੋਂ ਬਾਅਦ ਵਾਲਾ ਨਰਸ਼ਾ 9ਵੀਂ ਜਮਾਤ ਦਾ ਹੈ , ਜੋ ਭੇਜਿਆ ਗਿਆ। ਅਧਿਆਪਕਾਂ ਨੇ ਰੋਸ ਜਤਾਇਆ ਕਿ ਸਿਲੇਬਸ ਤੋਂ ਬਾਹਰਲੇ 5 ਨੰਬਰ ਦੇ ਇਸ ਪ੍ਰਸ਼ਨ ਨੂੰ ਵੱਡੀ ਗਿਣਤੀ ਬੱਚੇ ਹੱਲ ਕਰਨ ਤੋਂ ਅਸਮਰਥ ਰਹੇ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ 5 ਅੰਕ ਗਰੇਸ ਵੱਜੋਂ ਦੇ ਕੇ ਇਨਸਾਫ ਕੀਤਾ ਜਾਵੇ। ਇਸ ਮੌਕੇ ਅਧਿਆਪਕ ਆਗੂ ਹਰਿੰਦਰ ਬੱਲੀ ਨੇ ਬੁੱਧਵਾਰ ਨੂੰ ਦੂਜੀ ਭਾਸ਼ਾ ਹਿੰਦੀ ਦੇ ਪੇਪਰ ਦੇ ਪੱਧਰ ਨੂੰ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਗਰਦਾਨਦਿਆਂ ਮੰਗ ਕੀਤੀ ਕਿ ਗਰੇਸ ਵੱਜੋਂ 10 ਅੰਕ ਦਿੱਤੇ ਜਾਣ।