ਮੋਹਾਲੀ ਪੁਲਸ ਦੀ ਵੈੱਬਸਾਈਟ ਹੈਕ

Wednesday, Jun 21, 2017 - 06:33 AM (IST)

ਮੋਹਾਲੀ  (ਰਾਣਾ) - ਮੋਹਾਲੀ ਪੁਲਸ ਦੀ ਆਫੀਸ਼ੀਅਲ ਵੈੱਬਸਾਈਟ ਹੈਕ ਕਰ ਲਈ ਗਈ ਹੈ। ਇਸ ਨੂੰ ਖੋਲ੍ਹਦਿਆਂ ਹੀ 'ਪਾਕਿਸਤਾਨ ਜ਼ਿੰਦਾਬਾਦ' ਲਿਖਿਆ ਆ ਰਿਹਾ ਹੈ, ਨਾਲ ਹੀ ਧਮਕੀਆਂ ਦਿੱਤੀਆਂ ਹਨ। ਹੈਕਰਜ਼ ਦੇ ਨਿਸ਼ਾਨੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਕਟਰ ਰਿਸ਼ੀ ਕਪੂਰ ਹਨ। ਗੂਗਲ ਸਰਚ ਇੰਜਨ 'ਤੇ ਪੁਲਸ ਦੀ  ਵੈੱਬਸਾਈਟ ਸਰਚ ਕਰਨ 'ਤੇ ਵੈੱਬਸਾਈਟ ਐਡਰੈੱਸ ਦੇ ਹੇਠਾਂ 'ਪਾਕਿਸਤਾਨ ਜ਼ਿੰਦਾਬਾਦ, ਡੈੱਥ ਐਡਰੈੱਸ-ਕਰੂ' ਲਿਖਿਆ ਆ ਰਿਹਾ ਹੈ, ਜਿਸ ਨੂੰ ਖੋਲ੍ਹਣ 'ਤੇ ਇਸ 'ਚ ਕੁਲਭੂਸ਼ਣ ਜਾਧਵ ਦੇ ਇਨਸਾਫ ਦੀ ਮੰਗ ਨਾ ਕਰਨ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐਕਟਰ ਰਿਸ਼ੀ ਕਪੂਰ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਹੈ।
ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਐੈੱਸ. ਐੱਸ. ਪੀ. ਕੁਲਦੀਪ ਚਾਹਲ ਨੇ ਵੈੱਬਸਾਈਟ ਐਡਰੈੱਸ ਨੂੰ ਚੈੱਕ ਕਰਵਾਉਣ ਦੀ ਗੱਲ ਕਹੀ ਹੈ। ਮਾਮਲੇ 'ਚ ਪੁਲਸ ਸਾਈਬਰ ਐਕਸਪਰਟਸ ਦੀ ਮਦਦ ਲਈ ਜਾ ਰਹੀ ਹੈ। ਜ਼ਿਲੇ ਦੀ ਪੁਲਸ ਵੈੱਬਸਾਈਟ ਨੂੰ ਹੈਕ ਕਰਨ ਦੀ ਇਹ ਘਟਨਾ ਬੇਹੱਦ ਗੰਭੀਰ ਹੈ। ਹੈਕਰਾਂ ਨੇ ਪੰਜਾਬ ਪੁਲਸ ਦੀ ਮੁੱਖ ਵੈੱਬਸਾਈਟ ਨੂੰ ਹੈਕ ਕਰਨ ਦੀ ਥਾਂ ਜ਼ਿਲਾ ਪੁਲਸ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਇਆ ਹੈ, ਉਥੇ ਹੀ ਪੰਜਾਬ ਪੁਲਸ ਦੀ ਵੈੱਬਸਾਈਟ ਆਮ ਵਾਂਗ ਖੁੱਲ੍ਹ ਰਹੀ ਹੈ, ਇਸਦੇ ਡਾਟੇ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ।
ਕੁਲਭੂਸ਼ਣ ਤਾਂ ਕੀ ਉਸਦੀ ਲਾਸ਼ ਵੀ ਵਾਪਿਸ ਨਹੀਂ ਮਿਲੇਗੀ
ਵੈੱਬਸਾਈਟ ਐਡਰੈੱਸ ਨੂੰ ਹੈਕ ਕਰਨ ਵਾਲੇ ਵਿਅਕਤੀ ਨੇ ਲਿਖਿਆ ਹੋਇਆ ਹੈ, 'ਪਾਕਿਸਤਾਨੀ ਸਰਕਾਰ ਦੀਆਂ ਵੈੱਬਸਾਈਟਾਂ ਨੂੰ ਬਦਨਾਮ ਕਰਨਾ ਬੰਦ ਕਰੋ ਤੇ ਕੁਲਭੂਸ਼ਣ ਜਾਧਵ ਲਈ ਇਨਸਾਫ ਮੰਗਣਾ ਬੰਦ ਕਰੋ। ਮੇਰੀ ਜਾਨ, ਤੁਹਾਨੂੰ ਕੁਲਭੂਸ਼ਣ ਜਾਧਵ ਤਾਂ ਕੀ ਉਸਦੀ ਲਾਸ਼ ਵੀ ਵਾਪਿਸ ਨਹੀਂ ਮਿਲੇਗੀ।' ਅੱਗੇ ਭਾਰਤ ਨੂੰ ਲੈ ਕੇ ਕਿਹਾ ਗਿਆ ਹੈ ਕਿ 'ਤੁਸੀਂ ਲੋਕ ਕੀ ਸਮਝਦੇ ਹੋ ਕਿ ਤੁਹਾਨੂੰ ਹੀ ਵੈੱਬਸਾਈਟ ਹੈਕ ਕਰਨ ਦੇ ਢੰਗ ਆਉਂਦੇ ਹਨ, ਜਿਸ ਵੈੱਬਸਾਈਟ ਨੂੰ ਪਹਿਲਾਂ ਹੀ 10 ਵਾਰ ਵੱਖ-ਵੱਖ ਹੈਕਰਾਂ ਵਲੋਂ ਹੈਕ ਕੀਤਾ ਗਿਆ ਹੋਵੇ। ਤੁਸੀਂ ਲੋਕ ਕੀ ਸੋਚਦੇ ਹੋ ਕਿ ਤੁਸੀਂ ਸੁਪਰ ਡੁਪਰ ਹੈਕਰ ਹੋ? ਪਿਆਰੀ ਭਾਰਤ ਸਰਕਾਰ ਤੇ ਪਿਆਰੇ ਮੋਦੀ ਜੀ, ਟਾਇਲਟਸ ਬਣਵਾਓ ਮੁਲਕ 'ਚ, ਪਾਕਿਸਤਾਨ ਖਿਲਾਫ ਗੱਲਾਂ ਨਾ ਬਣਾਓ।' ਉਥੇ ਹੀ ਅੱਗੇ ਕਲਾਕਾਰ ਰਿਸ਼ੀ ਕਪੂਰ ਲਈ ਕਿਹਾ ਗਿਆ ਹੈ ਕਿ 'ਤੁਸੀਂ ਸਾਡੇ ਦੇਸ਼ ਨੂੰ ਅੱਤਵਾਦੀ ਦੇਸ਼ ਕਹਿੰਦੇ ਹੋ, ਯਕੀਨ ਕਰੋ ਕਿ ਫਾਈਨਲ ਅੰਦਰ ਤੁਹਾਡੀ ਟੀਮ...(ਗਾਲ੍ਹ) ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੰਨੇ ਬੁਰੇ ਟੈਰੇਰਿਸਟ ਹਾਂ।' ਵੈੱਬਸਾਈਟ ਦਾ ਐਡਰੈੱਸ ਡਬਲਿਊ. ਡਬਲਿਊ. ਡਬਲਿਊ. ਡੈੱਥ ਅਡਰੈਸ. ਕਾਮ ਹੈ।


Related News