ਮੁੱਖ ਮੰਤਰੀ ਅੱਜ ਕਰਨਗੇ 'ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ
Tuesday, Aug 20, 2019 - 09:25 AM (IST)

ਮੋਹਾਲੀ (ਨਿਆਮੀਆਂ, ਪਰਦੀਪ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 20 ਅਗਸਤ ਨੂੰ ਇੱਥੇ 'ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਰਾਜ ਪੱਧਰੀ ਪ੍ਰੋਗਰਾਮ ਕਿਸਾਨ ਵਿਕਾਸ ਚੈਂਬਰ, ਏਅਰਪੋਰਟ ਚੌਕ, ਬਲਾਕ-ਸੀ, ਗਮਾਡਾ ਏਅਰੋਸਿਟੀ, ਮੋਹਾਲੀ ਵਿਚ ਹੋ ਰਿਹਾ ਹੈ, ਜਿਸ ਦੌਰਾਨ ਮੁੱਖ ਮੰਤਰੀ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਘੇਰੇ ਵਿਚ 43.8 ਲੱਖ ਪਰਿਵਾਰਾਂ ਨੂੰ ਲਿਆ ਗਿਆ ਹੈ, ਜੋ ਰਾਜ ਦੀ ਕੁੱਲ ਆਬਾਦੀ ਦਾ 70 ਫੀਸਦੀ ਬਣਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜੀਕ੍ਰਿਤ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤਕ ਦੇ ਨਗਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਮਿਲੇਗੀ। ਪੰਜੀਕ੍ਰਿਤ ਪਰਿਵਾਰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸਿਹਤ ਸੇਵਾਵਾਂ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਆਪਣੀ ਪਾਤਰਤਾ ਦੇਖਣ ਲਈ www.shapunjab.in 'ਤੇ ਜਾਣ। ਉਨ੍ਹਾਂ ਦੱਸਿਆ ਕਿ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਾਉਣ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ. ਐੱਸ. ਸੀ.) ਨਾਲ ਸੰਪਰਕ ਕਰ ਸਕਦੇ ਹਨ ਜਾਂ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿਚ 'ਅਰੋਗਿਆ ਮਿੱਤਰ' ਨੂੰ ਮਿਲ ਸਕਦੇ ਹਨ। ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਟੋਲ ਫ੍ਰੀ ਹੈਲਪਲਾਈਨ ਨੰਬਰ 104 ਤੋਂ ਲਈ ਜਾ ਸਕਦੀ ਹੈ।