ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਣ ’ਤੇ ਰਾਡ ਮਾਰ ਕੇ ਕੀਤਾ ਮਿਸਤਰੀ ਦਾ ਕਤਲ

Thursday, Dec 05, 2019 - 10:04 AM (IST)

ਪਤਨੀ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਣ ’ਤੇ ਰਾਡ ਮਾਰ ਕੇ ਕੀਤਾ ਮਿਸਤਰੀ ਦਾ ਕਤਲ

ਮੋਹਾਲੀ/ਖਰੜ (ਕੁਲਦੀਪ / ਅਮਰਦੀਪ) - ਟੀ. ਡੀ. ਆਈ. ਸਿਟੀ ’ਚ ਦੇਰ ਰਾਤ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਪਤੀ ਵਲੋਂ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਉਪਰੰਤ ਮੁਲਜ਼ਮ ਫਰਾਰ ਹੋ ਗਿਆ। ਮੌਕੇ ’ਤੇ ਪੁੱਜੀ ਪੁਲਸ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੀ ਪਛਾਣ ਰਾਮ ਸਿੰਘਾਸਨ ਪਟੇਲ ਚਾਲੀਸ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਅਤੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਕਤਲ ਕਰਨ ਵਾਲਾ ਮੁਲਜ਼ਮ ਓਮ ਪ੍ਰਕਾਸ਼ ਪਿੰਡ ਬਡ਼ਮਾਜਰਾ ਦਾ ਰਹਿਣ ਵਾਲਾ ਸੀ ਅਤੇ ਉਹ ਮਜ਼ਦੂਰੀ ਕਰਦਾ ਸੀ। 

ਬਲੌਂਗੀ ਥਾਣੇ ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਟੀ. ਆਈ. ਆਈ. ਸਿਟੀ ਵਿਚ ਸਾਗਰ ਨਾਮ ਦੇ ਹੋਟਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿੱਥੇ ਮੁਲਜ਼ਮ ਅਤੇ ਮ੍ਰਿਤਕ ਕੰਮ ਕਰਦੇ ਸਨ। ਕਰੀਬ ਤਿੰਨ ਮਹੀਨੇ ਤੋਂ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰਾਜ ਮਿਸਤਰੀ ਨਾਲ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ’ਚ ਲੜਾਈ ਵੀ ਰਹਿੰਦੀ ਸੀ। ਮੁਲਜ਼ਮ ਦਾ ਪਰਿਵਾਰ ਉਸਾਰੀ ਅਧੀਨ ਹੋਟਲ ਦੀ ਉਪਰਲੀ ਮੰਜ਼ਿਲ ’ਤੇ ਰਹਿੰਦਾ ਸੀ, ਜਦੋਂਕਿ ਮ੍ਰਿਤਕ ਗਰਾਊਂਡ ਫਲੋਰ ਉੱਤੇ ਰਹਿੰਦਾ ਸੀ। ਇਸ ਵਿਚ ਪਿਛਲੀ ਦੇਰ ਰਾਤ ਮੁਲਜ਼ਮ ਨੇ ਉਸ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਇਸ ਤੋਂ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਜਦੋਂ ਸਵੇਰੇ 6 ਵਜੇ ਤੋਂ ਬਾਅਦ ਉੱਥੇ ਰਹਿ ਰਹੇ ਹੋਰ ਮੁਲਾਜ਼ਮ ਉੱਠੇ ਤਾਂ ਉਨ੍ਹਾਂ ਨੇ ਖੂਨ ਨਾਲ ਲਥਪਥ ਪਈ ਲਾਸ਼ ਵੇਖੀ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਦੌਰਾਨ ਜਦੋਂ ਸਭ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਮੁਲਜ਼ਮ ਗਾਇਬ ਸੀ। ਇਸ ਤੋਂ ਇਲਾਵਾ ਸਾਰਿਆਂ ਨੇ ਉਸ ਉੱਤੇ ਸ਼ੱਕ ਜਤਾਇਆ। ਦੇਰ ਸ਼ਾਮ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ। ਇਸ ਦੌਰਾਨ ਮੁਲਜ਼ਮ ਨੇ ਆਪਣਾ ਦੋਸ਼ ਕਬੂਲ ਲਿਆ। ਉਥੇ ਹੀ, ਪੁਲਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।


author

rajwinder kaur

Content Editor

Related News