ਬਰਗਾਡ਼ੀ ਬੇਅਦਬੀ ਕਾਂਡ ਕੇਸ ’ਚ CBI ਨੇ ਅਦਾਲਤ ’ਚ ਦਰਜ ਕੀਤਾ ਜਵਾਬ
Friday, Aug 30, 2019 - 10:04 AM (IST)
ਮੋਹਾਲੀ (ਕੁਲਦੀਪ) - ਬਰਗਾਡ਼ੀ ਬੇਅਦਬੀ ਮਾਮਲੇ ਵਿਚ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਸਬੰਧੀ ਪੰਜਾਬ ਸਰਕਾਰ ਵਲੋਂ ਦਰਜ ਕੀਤੀ ਗਈ ਐਪਲੀਕੇਸ਼ਨ ’ਤੇ ਅੱਜ ਸੀ. ਬੀ. ਆਈ. ਨੇ ਮੋਹਾਲੀ ਸਥਿਤ ਸੀ. ਬੀ. ਆਈ. ਅਦਾਲਤ ਵਿਚ ਆਪਣਾ ਜਵਾਬ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 19 ਸਤੰਬਰ ਤੈਅ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੀ. ਬੀ. ਆਈ. ਵਲੋਂ ਪੇਸ਼ ਕੀਤੇ ਜਵਾਬਦਾਵੇ ਵਿਚ ਕਿਹਾ ਗਿਆ ਹੈ ਕਿ ਪੁਲਸ ਨੂੰ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਇਸ ਕੇਸ ਵਿਚ ਪੁਲਸ ਨਾ ਤਾਂ ਮੁਲਜ਼ਮ ਪਾਰਟੀ ਹੈ ਅਤੇ ਨਾ ਹੀ ਪੁਲਸ ਕੋਈ ਸ਼ਿਕਾਇਤਕਰਤਾ ਹੈ। ਕੇਸ ਦੀ ਜਾਂਚ ਸੀ. ਬੀ. ਆਈ. ਵਲੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਏਜੰਸੀ ਨੇ 4 ਜੁਲਾਈ ਨੂੰ ਤਿੰਨ ਕੇਸਾਂ ਵਿਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਸੀ। ਸੀ. ਬੀ. ਆਈ. ਨੇ ਜਵਾਬ ਵਿਚ ਇਹ ਵੀ ਕਿਹਾ ਕਿ ਜਦੋਂ ਪੰਜਾਬ ਸਟੇਟ ਨੇ ਇਕ ਵਾਰ ਜਾਂਚ ਦੀ ਜ਼ਿੰਮੇਵਾਰੀ ਏਜੰਸੀ ਨੂੰ ਸੌਂਪ ਦਿੱਤੀ ਸੀ ਤਾਂ ਉਸ ਵਿਚ ਸਟੇਟ ਪੁਲਸ ਨੂੰ ਉਸ ਦੀ ਜਾਂਚ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।