ਮੋਗਾ ਜ਼ਿਲ੍ਹੇ ''ਚ 14 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਹੋਈ ਪੁਸ਼ਟੀ
Monday, Jul 27, 2020 - 07:13 PM (IST)
ਮੋਗਾ,(ਸੰਦੀਪ ਸ਼ਰਮਾ) : ਅੱਜ ਜ਼ਿਲ੍ਹੇ 'ਚ ਇਕ ਵਾਰ ਫਿਰ ਕੋਰੋਨਾ ਧਮਾਕਾ ਹੋਇਆ ਹੈ। ਸਿਹਤ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ 14 ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਅੱਜ ਸਾਹਮਣੇ ਆਏ ਇਨ੍ਹਾਂ ਮਰੀਜ਼ਾਂ 'ਚ ਯੂ. ਐਨ. ਆਈ. ਦੇ ਸੀਨੀਅਰ ਬਜ਼ੁਰਗ ਪੱਤਰਕਾਰ ਵੀ ਸ਼ਾਮਲ ਹਨ। ਉਥੇ ਇਨ੍ਹਾਂ 'ਚੋਂ ਇਕ 11 ਸਾਲਾਂ ਬੱਚਾ, 15 ਸਾਲਾਂ ਬੱਚਾ 6 ਕੁੜੀਆਂ ਤੇ ਬਾਕੀ ਵਿਅਕਤੀ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ 'ਚ 6 ਮਰੀਜ਼ ਪਹਿਲਾਂ ਹੀ ਪਾਜ਼ੇਟਿਵ ਆਏ ਮਰੀਜ਼ਾਂ ਦੇ ਕਾਰਣ ਸੁਰਖੀਆਂ 'ਚ ਆ ਚੁਕੇ ਇਲਾਕਾ ਵੇਦਾਂਤ ਨਗਰਵਾਸੀ ਇਕ ਹੀ ਪਰਿਵਾਰ ਨਾਲ ਸੰਬੰਧਿਤ ਹਨ। ਜਿਸ ਦੇ ਚੱਲਦੇ ਵੇਦਾਂਤ ਨਗਰ ਦੀ ਗਲੀ ਨੰਬਰ 2 ਦੇ ਮਾਈਕ੍ਰੋਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 289 ਹੋ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਸਾਰੇ ਮਰੀਜ਼ਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਨੂੰ ਇਸ ਸਬੰਧੀ ਨਿਰਧਾਰਿਤ ਕੀਤੇ ਗਏ ਨਿਯਮਾਂ ਤੇ ਉਨ੍ਹਾਂ ਦੀ ਹਾਲਤ ਮੁਤਾਬਕ ਹੋਮ ਕੁਆਰੰਟਾਈਨ ਤੇ ਆਈਸੋਲੇਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਵੇਦਾਂਤ ਨਗਰ ਦੀ 15 ਸਾਲਾਂ ਕੁੜੀ, 11 ਸਾਲਾਂ ਬੱਚਾ, 43 ਸਾਲਾਂ ਤੇ 69 ਸਾਲਾਂ 2 ਜਨਾਨੀਆਂ, 69 ਤੇ 26 ਸਾਲਾਂ ਵਿਅਕਤੀ ਸ਼ਾਮਲ ਹੈ। ਉਥੇ ਹੀ ਏਕਤਾ ਨਗਰਵਾਸੀ 22 ਸਾਲਾਂ ਵਿਅਕਤੀ, ਸਥਾਨਕ ਹਰੀਜਨ ਕਾਲੋਨੀ 45 ਸਾਲਾਂ ਜਨਾਨੀ, ਬੁੱਕਨਵਾਲਾ ਰੋਡ ਨਿਵਾਸੀ 30 ਸਾਲਾਂ ਵਿਅਕਤੀ ਨਿਗਾਹਾ ਰੋਡ ਦੇ 40 ਸਾਲਾਂ ਵਿਅਕਤੀ, ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੇ 61 ਸਾਲਾਂ ਵਿਅਕਤੀ ਤੇ ਸਥਾਨਕ ਜਵਾਹਰ ਨਗਰ ਦੀ 61 ਸਾਲਾਂ ਜਨਾਨੀ ਤੇ 67 ਸਾਲਾਂ ਵਿਅਕਤੀ ਸਮੇਤ ਸਥਾਨਕ ਗਲੀ ਨੰਬਰ 9 ਨਿਊ ਟਾਊਨ ਨਿਵਾਸੀ ਇਕ ਬਜ਼ੁਰਗ ਪੱਤਰਕਾਰ ਸ਼ਾਮਲ ਹਨ। ਜਿਨ੍ਹਾਂ ਨੇ ਸਿਹਤ ਟੀਮਾਂ ਵਲੋਂ ਕੁਆਰੰਟਾਈਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਨੇ ਦੱਸਿਆ ਕਿ ਬੇਸ਼ੱਕ ਜ਼ਿਲ੍ਹੇ 'ਚ ਕਸਬਿਆਂ ਤੇ ਪਿੰਡਾਂ ਦੇ ਨਾਲ-ਨਾਲ ਹੁਣ ਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਵੱਧਣਾ ਇਕ ਚਿੰਤਾ ਦਾ ਵਿਸ਼ਾ ਹੈ ਪਰ ਫਿਰ ਵੀ ਇਨ੍ਹਾਂ ਹਾਲਾਤਾਂ 'ਤੇ ਕਾਬੂ ਪਾਉਣ ਲਈ ਹਰ ਇਕ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਾਮਲਿਆਂ ਸਮੇਤ ਜ਼ਿਲ੍ਹੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 108 ਹੋ ਗਈ ਹੈ। ਉਥੇ ਹੀ ਜੇਕਰ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 289 ਹੋ ਗਈ ਹੈ, ਉਥੇ ਹੀ 175 ਪਾਜ਼ੇਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਚੁਕਾ ਹੈ। ਸਿਵਲ ਸਰਜਨ ਨੇ ਸ਼ਹਿਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ।