ਚਾਲੂ ਹੋਇਆ ਮੋਗਾ-ਬਰਨਾਲਾ ਰਾਸ਼ਟਰੀ ਮਾਰਗ
Wednesday, Jul 25, 2018 - 01:55 AM (IST)
ਨਿਹਾਲ ਸਿੰਘ ਵਾਲਾ, (ਰਣਜੀਤ ਬਾਵਾ)- ਪਿਛਲੇ ਇਕ ਹਫਤੇ ਤੋਂ ‘ਚੰਦਰਭਾਨ’ ਡਰੇਨ ਦਾ ਪ੍ਰਕੋਪ ਆਪਣੇ ਪਿੰਡੇ ’ਤੇ ਹੰਢਾਅ ਰਹੇ ਹਲਕਾ ਨਿਵਾਸੀਆਂ ਨੂੰ ਅੱਜ ਉਸ ਸਮੇਂ ਰਾਹਤ ਮਿਲੀ, ਜਦੋਂ ਮੋਗਾ -ਬਰਨਾਲਾ ਰਾਸ਼ਟਰੀ ਮਾਰਗ ’ਤੇ ਚੱਲ ਰਹੇ ਕੰਮ ਦੌਰਾਨ ਠੇਕੇਦਾਰਾਂ ਨੇ ਆਰਜ਼ੀ ਪੁਲ ਚਾਲੂ ਕਰ ਦਿੱਤਾ। ਇਸ ਰਾਸ਼ਟਰੀ ਮਾਰਗ ਨੂੰ ਚਾਰ ਮਾਰਗੀ ਕਰਨ ਦੇ ਚੱਲ ਰਹੇ ਪ੍ਰਾਜੈਕਟ ਦੇ ਸੈਕਸ਼ਨ ਇੰਚਾਰਜ ਸੁਰਜੀਤ ਨਾਹਰ ਨੇ ਅੱਜ ਇਸ ਆਰਜ਼ੀ ਪੁਲ ਨੂੰ ਰਾਸ਼ਟਰੀ ਮਾਰਗ ਦੀ ਟਰੈਫਿਕ ਲਈ ਸ਼ੁਰੂ ਕਰ ਦਿੱਤਾ। ਇਸ ਮੁੱਖ ਪੁਲ ਦੇ ਟੁੱਟ ਜਾਣ ਕਾਰਨ ਸਮੁੱਚੀ ਟਰੈਫਿਕ ਲਿੰਕ ਰੋਡ ਰਾਹੀਂ ਪਿੰਡ ਹਿੰਮਤਪੁਰਾ ’ਚ ਕਰ ਦਿੱਤੀ ਗਈ ਸੀ, ਜਿਸ ਕਾਰਨ ਜ਼ਿਆਦਾ ਟਰੈਫਿਕ ਨਾਲ ਪਿੰਡ ਹਿੰਮਤਪੁਰਾ ਵਿਖੇ ਵੀ ਡਰੇਨ ’ਤੇ ਬਣੇ ਦੋ ਪੁਲ ਦੱਬ ਗਏ ਸਨ, ਜਿਸ ਤੋਂ ਬਾਅਦ ਲੋਕਾਂ ਲਈ ਹੋਰ ਵੱਡੀ ਸਮੱਸਿਆ ਖਡ਼੍ਹੀ ਹੋ ਗਈ ਸੀ।
ਇਸ ਡਰੇਨ ਦੇ ਪੁਲ ਸਬੰਧੀ ‘ਜਗ-ਬਾਣੀ’, ‘ਪੰਜਾਬ ਕੇਸਰੀ’ ਵੱਲੋਂ ਲਗਾਤਾਰ ਇਕ ਹਫਤਾ ਪ੍ਰਮੁੱਖਤਾ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਐਕਸ਼ਨ ’ਚ ਆਉਂਦਿਆਂ ਪਿਛਲੇ ਦੋ ਦਿਨਾਂ ਤੋਂ ਦਿਨ- ਰਾਤ ਇਕ ਕਰ ਕੇ ਆਰਜ਼ੀ ਪੁਲ ਦਾ ਨਿਰਮਾਣ ਕੀਤਾ। ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ, ਮਾਛੀਕੇ ਦੇ ਸਰਪੰਚ ਜਗਸੀਰ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਹਿੰਮਤਪੁਰਾ, ਮਜ਼ਦੂਰ ਆਗੂ ਜੀਵਨ ਸਿੰਘ ਬਿਲਾਸਪੁਰ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨਜ਼ ਦੇ ਜ਼ਿਲਾ ਪ੍ਰਧਾਨ ਡਾ. ਗੁਰਮੇਲ ਸਿੰਘ ਮਾਛੀਕੇ , ਅਕਾਲੀ ਦਲ (ਅ) ਦੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਕੁੱਸਾ, ਸਰਪੰਚ ਬਲਦੇਵ ਸਿੰਘ ਕੁੱਸਾ ਆਦਿ ਨੇ ‘ਜਗ ਬਾਣੀ, ਪੰਜਾਬ ਕੇਸਰੀ ਵੱਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਲਗਾਤਾਰ ਪੇਸ਼ ਕਰ ਕੇ ਹੱਲ ਕਰਵਾਉਣ ਲਈ ਅਦਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਡਰੇਨ ’ਚ ਪਾਣੀ ਆਉਣ ਨਾਲ ਆਰਜ਼ੀ ਪੁਲ ਟੁੱਟਣ ਅਤੇ ਡਰੇਨ ’ਚ ਪਏ ਮਟੀਰੀਅਲ ਦਾ ਕੰਟਰੈਕਟਰ ਦਾ 10 ਲੱਖ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
