ਪੰਜਾਬ ''ਚ ਬਣੇ ਤਾਜ਼ਾ ਹਾਲਾਤ ਦਰਮਿਆਨ ਮੋਗਾ ਦੇ ਡੀ. ਸੀ. ਦਾ ਵੱਡਾ ਬਿਆਨ
Tuesday, Mar 31, 2026 - 01:51 PM (IST)
ਮੋਗਾ (ਗੋਪੀ ਰਾਊਕੇ, ਬਿੰਦਾ) : ਜ਼ਿਲਾ ਮੋਗਾ ਵਿਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐੱਲ. ਪੀ. ਜੀ. ਗੈਸ ਦਾ ਪੂਰਾ ਅਤੇ ਨਿਯਮਿਤ ਸਟਾਕ ਉਪਲੱਬਧ ਹੈ ਅਤੇ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਕਾਰਨ ਮੰਗ ਵਿਚ ਅਚਾਨਕ ਵਾਧਾ ਦੇਖਣ ਨੂੰ ਮਿਲਿਆ ਸੀ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਤੇਲ ਕੰਪਨੀਆਂ ਨਾਲ ਤਾਲਮੇਲ ਕਰਕੇ ਲੋਕਾਂ ਦੀ ਮੰਗ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਪੂਰੀ ਸਪਲਾਈ ਯਕੀਨੀ ਬਣਾਈ ਗਈ ਹੈ। ਇਸ ਸਮੇਂ ਜ਼ਿਲ੍ਹੇ ਦੇ ਕਿਸੇ ਵੀ ਪੈਟਰੋਲ ਪੰਪ ’ਤੇ ਕੋਈ ਭੀੜ ਜਾਂ ਲਾਈਨ ਨਹੀਂ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲਾ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਕੇਵਲ ਭਰੋਸੇਯੋਗ ਸਰਕਾਰੀ ਜਾਣਕਾਰੀ ’ਤੇ ਹੀ ਨਿਰਭਰ ਰਹਿਣ।
ਜੇਕਰ ਕੋਈ ਵਿਅਕਤੀ ਗਲਤ ਜਾਣਕਾਰੀ ਫੈਲਾਉਂਦਾ ਜਾਂ ਅਫਵਾਹਾਂ ਪੈਦਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਪੈਟਰੋਲ ਪੰਪ ਡੀਲਰਾਂ ਨੂੰ ਵੀ ਹੁਕਮ ਦਿੱਤੇ ਹਨ ਕਿ ਤੇਲ ਦੀ ਜਮ੍ਹਾਖੋਰੀ ਨੂੰ ਰੋਕਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ। ਕਿਸੇ ਵੀ ਵਿਅਕਤੀ ਨੂੰ ਲੋੜ ਤੋਂ ਵੱਧ ਤੇਲ ਜਾਰੀ ਨਾ ਕੀਤਾ ਜਾਵੇ ਅਤੇ ਕੇਵਲ ਵਾਹਨਾਂ ਵਿਚ ਹੀ ਪੈਟਰੋਲ ਭਰਿਆ ਜਾਵੇ। ਕਿਸੇ ਵੀ ਕਿਸਮ ਦੇ ਕੰਟੇਨਰ, ਬੋਤਲਾਂ ਜਾਂ ਡਰੰਮਾਂ ਵਿਚ ਪੈਟਰੋਲ ਜਾਰੀ ਕਰਨ ’ਤੇ ਪਾਬੰਦੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਘਰੇਲੂ ਗੈਸ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਵਾਧੂ ਸਿਲੰਡਰ ਇਕੱਠੇ ਨਾ ਕਰਨ ਅਤੇ ਸਿਰਫ ਲੋੜ ਅਨੁਸਾਰ ਹੀ ਗੈਸ ਦੀ ਬੁਕਿੰਗ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਗੈਸ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ ਅਤੇ ਸਬੰਧਿਤ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ ਵਿਚ ਵਪਾਰਕ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਸਪਲਾਈ ਵੀ ਸੁਚਾਰੂ ਢੰਗ ਨਾਲ ਜਾਰੀ ਹੈ। ਅੰਤ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਗਲਤ ਅਫਵਾਹਾਂ ਕਾਰਨ ਘਬਰਾਹਟ ਵਿਚ ਆ ਕੇ ਪੈਟਰੋਲ, ਡੀਜ਼ਲ ਜਾਂ ਗੈਸ ਖਰੀਦਣ ਲਈ ਲਾਈਨਾਂ ਨਾ ਲਗਾਈਆਂ ਜਾਣ। ਸਰਕਾਰ ਵੱਲੋਂ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਨਿਰੰਤਰ ਅਤੇ ਬਿਨਾਂ ਰੁਕਾਵਟ ਜਾਰੀ ਹੈ।
