ਪੰਜਾਬ : LPG ਸਿਲੰਡਰ ਦੀ Home Delivery ਬਾਰੇ ਵੱਡੀ ਖ਼ਬਰ! ਹੋਇਆ ਹੈਰਾਨੀਜਨਕ ਖ਼ੁਲਾਸਾ

Tuesday, Mar 31, 2026 - 02:56 PM (IST)

ਪੰਜਾਬ : LPG ਸਿਲੰਡਰ ਦੀ Home Delivery ਬਾਰੇ ਵੱਡੀ ਖ਼ਬਰ! ਹੋਇਆ ਹੈਰਾਨੀਜਨਕ ਖ਼ੁਲਾਸਾ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਜ਼ਿਲ੍ਹਾ ਬਰਨਾਲਾ ਵਿਚ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਜਿੱਥੇ ਆਮ ਜਨਤਾ ਪਹਿਲਾਂ ਹੀ ਭਾਰੀ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਹੈ, ਉੱਥੇ ਹੀ ਹੁਣ ਗੈਸ ਏਜੰਸੀਆਂ ਵੱਲੋਂ ਖਪਤਕਾਰਾਂ ਦੀ ਜੇਬ 'ਤੇ ਸਿੱਧਾ ਡਾਕਾ ਮਾਰਨ ਦੇ ਗੰਭੀਰ ਮਾਮਲੇ ਸਾਹਮਣੇ ਆ ਰਹੇ ਹਨ। ਹੋਮ ਡਿਲੀਵਰੀ ਅਤੇ ਏਜੰਸੀ ਵਿੱਚੋਂ ਖੁਦ ਸਿਲੰਡਰ ਚੁੱਕਣ ਦੀ ਕੀਮਤ ਵਿਚ ਮੌਜੂਦ ਅੰਤਰ ਦਾ ਫਾਇਦਾ ਉਠਾ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

PunjabKesari

ਕੀਮਤਾਂ 'ਚ 33 ਰੁਪਏ ਦਾ ਫ਼ਰਕ

ਅੱਜ ਅਨਾਜ ਮੰਡੀ ਬਰਨਾਲਾ ਵਿਖੇ ਇਕੱਠੇ ਹੋਏ ਖਪਤਕਾਰਾਂ, ਜਿਨ੍ਹਾਂ ਵਿਚ ਹਰਜੀਤ ਸਿੰਘ ਮਾਨ (ਟੈਂਟ ਹਾਊਸ), ਸੋਹਨ ਲਾਲ, ਮਹਾ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਏਜੰਸੀਆਂ ਦੀਆਂ ਕਥਿਤ ਮਨਮਾਨੀਆਂ ਦੀ ਪੋਲ ਖੋਲ੍ਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਗੈਸ ਕਾਪੀਆਂ 'ਪਨਸਪ ਗੈਸ ਸਰਵਿਸ' ਦੀਆਂ ਬਣੀਆਂ ਹੋਈਆਂ ਹਨ। ਜਦੋਂ ਉਹ ਸਿਲੰਡਰ ਲੈਣ ਲਈ ਏਜੰਸੀ ਪਹੁੰਚੇ ਅਤੇ ਰਸੀਦਾਂ ਕਟਵਾਈਆਂ, ਤਾਂ ਉਨ੍ਹਾਂ ਨੂੰ ਇਕ ਸਿਲੰਡਰ ਦੀ ਰਸੀਦ 934 ਰੁਪਏ ਦੀ ਕੱਟ ਕੇ ਦਿੱਤੀ ਗਈ।  ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਇਹ ਹੈ ਕਿ 934 ਰੁਪਏ ਉਹ ਰੇਟ ਹੈ ਜਿਸ ਵਿਚ ਹੋਮ ਡਿਲੀਵਰੀ ਸ਼ਾਮਲ ਹੁੰਦੀ ਹੈ। ਨਿਯਮਾਂ ਅਨੁਸਾਰ, ਜੇਕਰ ਕੋਈ ਖਪਤਕਾਰ ਖੁਦ ਏਜੰਸੀ ਦੇ ਗੋਦਾਮ ਜਾਂ ਦਫ਼ਤਰ ਵਿਚ ਆ ਕੇ ਸਿਲੰਡਰ ਲੈਂਦਾ ਹੈ, ਤਾਂ ਉਸ ਨੂੰ ਹੋਮ ਡਿਲੀਵਰੀ ਚਾਰਜ ਨਹੀਂ ਦੇਣੇ ਪੈਂਦੇ ਅਤੇ ਸਿਲੰਡਰ ਦਾ ਰੇਟ 901 ਰੁਪਏ ਬਣਦਾ ਹੈ।

PunjabKesari

PunjabKesari

ਵਿਰੋਧ ਕਰਨ 'ਤੇ ਬਦਲੀਆਂ ਗਈਆਂ ਪਰਚੀਆਂ

ਪੀੜਤ ਖਪਤਕਾਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਕੀਮਤ ਦੇ ਅੰਤਰ ਬਾਰੇ ਜਾਣੂ ਹੋਣ 'ਤੇ ਆਪਣਾ ਸਖ਼ਤ ਇਤਰਾਜ਼ ਜਤਾਇਆ ਅਤੇ ਏਜੰਸੀ ਦੇ ਕਰਮਚਾਰੀਆਂ ਨਾਲ ਗੱਲ ਕੀਤੀ, ਤਾਂ ਏਜੰਸੀ ਵਾਲਿਆਂ ਨੇ ਤੁਰੰਤ ਆਪਣੀ ਗਲਤੀ ਲੁਕਾਉਣ ਲਈ 934 ਰੁਪਏ ਵਾਲੀਆਂ ਪਰਚੀਆਂ ਵਾਪਸ ਲੈ ਲਈਆਂ ਅਤੇ ਉਨ੍ਹਾਂ ਨੂੰ 901 ਰੁਪਏ ਵਾਲੀਆਂ ਨਵੀਆਂ ਪਰਚੀਆਂ ਜਾਰੀ ਕਰ ਦਿੱਤੀਆਂ। ਖਪਤਕਾਰਾਂ ਨੇ ਸਵਾਲ ਉਠਾਇਆ ਕਿ ਜੇਕਰ ਉਹ ਜਾਗਰੂਕ ਨਾ ਹੁੰਦੇ, ਤਾਂ ਉਨ੍ਹਾਂ ਦੀ ਲੁੱਟ ਹੋਣੀ ਤੈਅ ਸੀ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਪਤਾ ਨਹੀਂ ਪਹਿਲਾਂ ਵੀ ਕਿੰਨੇ ਅਣਜਾਣ ਵਿਅਕਤੀਆਂ ਨੂੰ ਇਸੇ ਤਰ੍ਹਾਂ 33 ਰੁਪਏ ਵਾਧੂ ਵਸੂਲ ਕੇ ਸਿਲੰਡਰ ਵੇਚੇ ਗਏ ਹੋਣਗੇ। ਇਹ ਸਿੱਧੇ ਤੌਰ 'ਤੇ ਹਜ਼ਾਰਾਂ ਰੁਪਏ ਦਾ ਘੁਟਾਲਾ ਜਾਪਦਾ ਹੈ।

ਮੈਸੇਜ ਆ ਗਏ ਪਰ ਸਿਲੰਡਰ ਨਹੀਂ ਮਿਲਿਆ

ਲੁੱਟ ਤੋਂ ਇਲਾਵਾ ਖਪਤਕਾਰਾਂ ਨੇ ਡਿਲੀਵਰੀ ਸਿਸਟਮ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਕਈ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ 'ਸਿਲੰਡਰ ਡਿਲੀਵਰ ਹੋਣ' ਦੇ ਮੈਸੇਜ ਤਾਂ ਆ ਚੁੱਕੇ ਹਨ, ਪਰ ਅਸਲ ਵਿੱਚ ਸਿਲੰਡਰ ਉਨ੍ਹਾਂ ਦੇ ਘਰ ਤੱਕ ਨਹੀਂ ਪਹੁੰਚਿਆ। ਇਹ ਡਿਜੀਟਲ ਧੋਖਾਧੜੀ ਦਾ ਇੱਕ ਵੱਡਾ ਮਾਮਲਾ ਹੈ, ਜਿਸ ਨਾਲ ਖਪਤਕਾਰ ਸਿਲੰਡਰ ਨਾ ਮਿਲਣ ਕਾਰਨ ਦੁਖੀ ਹਨ ਅਤੇ ਕਾਗਜ਼ਾਂ ਵਿੱਚ ਏਜੰਸੀ ਆਪਣਾ ਕੋਟਾ ਪੂਰਾ ਦਿਖਾ ਰਹੀ ਹੈ। ਖਪਤਕਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ ਅਤੇ ਦੂਜੇ ਪਾਸੇ ਇਹ ਗੈਸ ਏਜੰਸੀਆਂ ਸ਼ਰੇਆਮ ਲੁੱਟ ਮਚਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਖੁਰਾਕ ਸਪਲਾਈ ਵਿਭਾਗ ਤੁਰੰਤ ਇਹਨਾਂ ਏਜੰਸੀਆਂ ਦੇ ਰਿਕਾਰਡ ਦੀ ਜਾਂਚ ਕਰੇ, ਹੋਮ ਡਿਲੀਵਰੀ ਅਤੇ ਏਜੰਸੀ ਰੇਟ ਦੇ ਅੰਤਰ ਦਾ ਬੋਰਡ ਏਜੰਸੀ ਦੇ ਬਾਹਰ ਲਗਾਇਆ ਜਾਵੇ, ਜਿਨ੍ਹਾਂ ਲੋਕਾਂ ਨੂੰ ਸਿਲੰਡਰ ਨਹੀਂ ਮਿਲੇ ਪਰ ਮੈਸੇਜ ਆ ਗਏ ਹਨ, ਉਨ੍ਹਾਂ ਦੀ ਤੁਰੰਤ ਸੁਣਵਾਈ ਕੀਤੀ ਜਾਵੇ, ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਹਨਾਂ ਏਜੰਸੀਆਂ ਦੀ ਨਕੇਲ ਨਾ ਕੱਸੀ, ਤਾਂ ਸ਼ਹਿਰ ਨਿਵਾਸੀ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਲੋਕਾਂ ਨੇ ਕਿਹਾ ਕਿ ਜੇਕਰ ਖਪਤਕਾਰ ਵਿਰੋਧ ਨਾ ਕਰਦੇ ਤਾਂ ਇਹ 33 ਰੁਪਏ ਪ੍ਰਤੀ ਸਿਲੰਡਰ ਦੀ ਲੁੱਟ ਜਾਰੀ ਰਹਿਣੀ ਸੀ। 
 


author

Anmol Tagra

Content Editor

Related News