ਗਰੰਟੀਆਂ ਦੇ ਨਾਂ ''ਤੇ ਪੰਜਾਬੀਆਂ ਨਾਲ ਹੋਇਆ ਧੋਖਾ! ਪਰਗਟ ਸਿੰਘ ਨੇ ਘੇਰੀ ''ਆਪ'' ਸਰਕਾਰ
Friday, Mar 20, 2026 - 10:57 PM (IST)
ਚੰਡੀਗੜ੍ਹ- ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀਆਂ ਵੱਡੀਆਂ ਗਰੰਟੀਆਂ ਅਤੇ ਬਜਟ ਐਲਾਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਰਾਹੀਂ ਜਨਤਾ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਪਰਗਟ ਸਿੰਘ ਨੇ ਸਵਾਲ ਉਠਾਇਆ ਕਿ ਸਰਕਾਰ ਦੀ ਪਹਿਲੀ ਗਰੰਟੀ ਬੇਅਦਬੀਆਂ ਦਾ ਇਨਸਾਫ਼ ਦਿਵਾਉਣ ਦੀ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਉਹ ਫਾਈਲ ਕਿੱਥੇ ਹੈ, ਕਿਸੇ ਨੂੰ ਨਹੀਂ ਪਤਾ। ਉਨ੍ਹਾਂ ਅੱਗੇ ਕਿਹਾ ਕਿ ਪਹਿਲੇ ਬਜਟ ਵਿੱਚ 16 ਮੈਡੀਕਲ ਕਾਲਜ ਖੋਲ੍ਹਣ ਦਾ ਵੱਡਾ ਦਾਅਵਾ ਕੀਤਾ ਗਿਆ ਸੀ ਪਰ ਅੱਜ ਤੱਕ ਇੱਕ ਵੀ ਨਵਾਂ ਕਾਲਜ ਨਹੀਂ ਖੁੱਲ੍ਹਿਆ। ਇਸੇ ਤਰ੍ਹਾਂ ਮਾਲਵਾ ਨਹਿਰ ਅਤੇ ਮੂੰਗੀ 'ਤੇ ਐਮ.ਐਸ.ਪੀ. (MSP) ਦੇਣ ਦੇ ਵਾਅਦੇ ਵੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ।
From guarantees of justice in sacrilege cases to promises of 16 medical colleges, MSP on moong, an agriculture policy, the Malwa canal, ₹5 crore MLA funds - not even a single major budget announcement has been fully delivered.
— Pargat Singh (@PargatSOfficial) March 20, 2026
What this government has ensured, however, is… pic.twitter.com/SxuCfCX3Wy
ਸਰਕਾਰ ਦੀ ਆਰਥਿਕ ਨੀਤੀ 'ਤੇ ਸਵਾਲ ਚੁੱਕਦਿਆਂ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਖ਼ਜ਼ਾਨਾ ਭਰਨ ਅਤੇ 'ਸਰਪਲਸ ਬਜਟ' ਦੇਣ ਦਾ ਵਾਅਦਾ ਕੀਤਾ ਸੀ ਪਰ ਅਸਲੀਅਤ ਇਹ ਹੈ ਕਿ ਸੂਬੇ ਦਾ ਕਰਜ਼ਾ 4.17 ਲੱਖ ਕਰੋੜ ਤੱਕ ਪਹੁੰਚ ਗਿਆ ਹੈ ਅਤੇ ਮੌਜੂਦਾ ਰਫ਼ਤਾਰ ਨਾਲ ਇਹ ਜਲਦੀ ਹੀ 5 ਲੱਖ ਕਰੋੜ ਦੇ ਅੰਕੜੇ ਨੂੰ ਛੂਹ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਕਮਾਈ ਲਗਭਗ 1.03 ਲੱਖ ਕਰੋੜ ਹੈ, ਪਰ ਬਜਟ 2.60 ਲੱਖ ਕਰੋੜ ਦਾ ਦਿਖਾਇਆ ਜਾ ਰਿਹਾ ਹੈ, ਜੋ ਕਿ ਇੱਕ ਵੱਡਾ ਗੈਪ ਹੈ।
ਪਰਗਟ ਸਿੰਘ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ 'ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਬੀਬੀ ਜਾਂ ਭੈਣ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਪਰ ਪੂਰੇ ਦੇਸ਼ ਦੀਆਂ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਗਰੰਟੀਆਂ ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪ੍ਰਚਾਰ ਲਈ ਦੇਸ਼ ਦਾ ਕੋਈ ਵੀ ਕੋਨਾ, ਏਅਰਪੋਰਟ ਜਾਂ ਹਾਈਵੇਅ ਨਹੀਂ ਛੱਡਿਆ, ਜਦਕਿ ਸੂਬੇ ਦੀ ਖੇਤੀਬਾੜੀ ਨੀਤੀ ਚਾਰ ਸਾਲਾਂ ਬਾਅਦ ਵੀ ਫਾਈਨਲ ਨਹੀਂ ਹੋ ਸਕੀ।
