ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 52 ਨਵੇਂ ਮਾਮਲਿਆਂ ਦੀ ਪੁਸ਼ਟੀ, 3 ਦੀ ਮੌਤ

Wednesday, Sep 09, 2020 - 07:45 PM (IST)

ਮੋਗਾ ਜ਼ਿਲ੍ਹੇ ''ਚ ਕੋਰੋਨਾ ਦੇ 52 ਨਵੇਂ ਮਾਮਲਿਆਂ ਦੀ ਪੁਸ਼ਟੀ, 3 ਦੀ ਮੌਤ

ਮੋਗਾ,(ਸੰਦੀਪ ਸ਼ਰਮਾ, ਗੋਪੀ ਰਾਊਕੇ)- ਜ਼ਿਲ੍ਹੇ ਵਿਚ ਕੋਵਿਡ 19 ਦਾ ਪ੍ਰਕੋਪ ਜ਼ਿਲ੍ਹੇ ਵਿਚ ਜਾਰੀ ਹੈ। ਅੱਜ ਫਿਰ ਜ਼ਿਲੇ ਦੇ ਵੱਖ-ਵੱਖ ਕਸਬਿਆਂ ਅਤੇ ਸ਼ਹਿਰ ਨਿਵਾਸੀ 3 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਮੌਤ ਹੋ ਗਈ, ਜਿਨ੍ਹਾਂ ਵਿਚ 2 ਵਿਅਕਤੀ ਅਤੇ ਇਕ ਔਰਤ ਸ਼ਾਮਲ ਜੋ ਜਲੰਧਰ ਦੇ ਮਿਲਟਰੀ ਹਸਪਤਾਲ ਅਤੇ ਇਕ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਸਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਤੋ ਹੀਰਾ ਨਿਵਾਸੀ ਮ੍ਰਿਤਕ ਵਿਅਕਤੀ ਦੀ ਉਮਰ 70 ਸਾਲ ਸੀ ਅਤੇ ਠੱਠੀ ਭਾਈ ਨਿਵਾਸੀ ਮ੍ਰਿਤਕ ਵਿਅਕਤੀ ਦੀ ਉਮਰ 42 ਸਾਲ ਸੀ ਜੋ ਕੈਂਸਰ ਪੀੜਤ ਵੀ ਦੱਸਿਆ ਜਾ ਰਿਹਾ ਹੈ, ਉਥੇ ਹੀ 57 ਸਾਲਾ ਔਰਤ ਜਿਸ ਦੀ ਕੋਰੋਨਾ ਨਾਲ ਮੌਤ ਹੋਈ ਹੈ ਕੋਟ ਈਸੇ ਖਾਂ ਨਿਵਾਸੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਜ਼ਿਲੇ ਵਿਚ ਮ੍ਰਿਤਕਾਂ ਦੀ ਗਿਣਤੀ 43 ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਅਨੁਸਾਰ ਅੱਜ ਜ਼ਿਲੇ ਵਿਚ 51 ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਆਏ ਹਨ, ਜਿਸ ਤੋਂ ਬਾਅਦ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1707 ਹੋ ਗਈ ਹੈ ਉਥੇ ਹੀ ਸਿਹਤ ਵਿਭਾਗ ਨੂੰ 210 ਲੋਕਾਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ ਕੁਲ ਲਏ ਗਏ ਕੋਰੋਨਾ ਟੈਸਟਾਂ ਵਿਚੋਂ 33, 687 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਉਥੇ ਅੱਜ ਪਾਜ਼ੇਟਿਵ ਆਏ ਮਾਮਲੇ ਵਿਚ 5 ਨਗਰ ਨਿਗਮ ਦੇ ਕਰਮਚਾਰੀ ਵੀ ਸ਼ਾਮਲ ਹਨ।

5 ਕਰਮਚਾਰੀ ਪਾਜ਼ੇਟਿਵ ਆਏ, ਘਰਾਂ 'ਚ ਕੀਤੇ ਇਕਾਂਤਵਾਸ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਵੱਧ ਤੋਂ ਵੱਧ ਲੋਕਾਂ ਦੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਨਗਰ ਨਿਗਮ ਮੋਗਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਏ ਗਏ, ਜਿਸ ਵਿਚ 5 ਕਰਮਚਾਰੀ ਪਾਜੇਟਿਵ ਪਾਏ ਗਏ। ਇਨ੍ਹਾਂ ਕਰਮਚਾਰੀਆਂ ਨੂੰ ਘਰਾਂ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰੈਪਿਡ ਐਟੀਜ਼ਨ ਟੈਸਟ ਕਰਵਾਏ ਗਏ, ਜਿਸ ਦੌਰਾਨ 120 'ਚੋਂ 5 ਕਾਰਮਚਾਰੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ, ਜਿੰਨ੍ਹਾਂ ਨੂੰ ਤੁਰੰਤ ਘਰਾਂ ਵਿਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸ੍ਰੀਮਤੀ ਦਰਸ਼ੀ ਨੇ ਕਿਹਾ ਕਿ ਨਗਰ ਨਿਗਮ ਵਲੋ ਜਿਥੇ ਜਨਤਕ ਸੇਵਾਵਾਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਸ ਬਿਮਾਰੀ ਨੂੰ ਜ਼ਿਲਾ ਮੋਗਾ ਅਤੇ ਪੰਜਾਬ 'ਚੋਂ ਖਤਮ ਨਹੀਂ ਕਰ ਦਿੱਤਾ ਜਾਂਦਾ।


author

Bharat Thapa

Content Editor

Related News