ਨਸ਼ਿਆਂ ਵਿਰੁੱਧ ਨਾਟਕ ‘ਦੁਖਦੀ ਰਗ ਪੰਜਾਬ ਦੀ’ ਦਾ ਸਫ਼ਲ ਮੰਚਨ
Monday, Apr 08, 2019 - 04:04 AM (IST)
ਮੋਗਾ (ਗੋਪੀ ਰਾਊਕੇ)-ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਮੋਹਰੀ ਰੋਲ ਅਦਾ ਕਰ ਰਹੀ ਨਾਮੀ ਸਮਾਜਕ ਸੰਸਥਾ ਸਰਦਾਰ ਲਛਮਣ ਸਿੰਘ ਭਿੰਡਰ ਫ੍ਰੀਡਮ ਫਾਈਟਰ ਚੈਰੀਟੇਬਲ ਸੋਸਾਇਟੀ ਵੱਲੋਂ ਪੰਜਾਬ ’ਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ’ਚ ਵਹਿ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੋਕ ਲਹਿਰ ਖਡ਼੍ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਲਡ਼ੀ ਤਹਿਤ ਸੰਸਥਾ ਦੇ ਮੁੱਖ ਸੇਵਾਦਾਰ ਸਰਪੰਚ ਜਸਪ੍ਰੀਤ ਸਿੰਘ ਵਿੱਕੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ‘ਦੁਖਦੀ ਰਗ ਪੰਜਾਬ ਦੀ’ ਨਾਟਕ ਦਾ ਸਫ਼ਲ ਮੰਚਨ ਤਾਜ ਰੀਜੈਂਸੀ ਮੋਗਾ ਵਿਖੇ ਸੇਵਾ ਮੁਕਤ ਪੁਲਸ ਅਧਿਕਾਰੀ ਮੁਖਤਿਆਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਖਚਾ-ਖਚ ਭਰੇ ਹਾਲ ਵਿਚ ਨਾਟਕ ਦੇਖਣ ਲਈ ਸ਼ਹਿਰ ਦੇ ਨੌਜਵਾਨ ਵਰਗ ਤੋਂ ਇਲਾਵਾ ਪਿੰਡਾਂ ਤੋਂ ਵੀ ਨਾਮੀ ਸ਼ਖ਼ਸੀਅਤਾਂ ਪੁੱਜੀਆਂ ਹੋਈਆਂ ਸਨ। ਨਾਟਕ ਦੀ ਸਮਰਾਲਾ ਤੋਂ ਪੁੱਜੀ ਟੀਮ ਨੇ ਆਪਣੀ ਕਲਾਕ੍ਰਿਤੀ ਦਾ ਅਜਿਹਾ ਲੋਹਾ ਮਨਵਾਇਆ ਕਿ ਉਨ੍ਹਾਂ ਨਸ਼ਿਆਂ ਵਿਰੁੱਧ ਜਿੱਥੇ ਹਰ ਪੰਜਾਬ ਵਾਸੀ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ, ਉੱਥੇ ਹੀ ਉਨ੍ਹਾਂ ਕਿਸ ਤਰ੍ਹਾਂ ਨਸ਼ਾ ਪੰਜਾਬ ਦੇ ਅਣਖੀ ਅਤੇ ਬਹਾਦਰ ਨੌਜਵਾਨਾਂ ਨੂੰ ਖਾ ਰਿਹਾ ਹੈ, ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਨਾਟਕ ਦੇ ਪਾਤਰਾਂ ਨੇ ਆਪੋ-ਆਪਣੇ ਰੋਲ ਵਿਚ ਅਜਿਹੀ ਜਾਨ ਪਾਈ ਕਿ ਨਾਟਕ ਦੇਖਣ ਵਾਲੇ ਸੈਂਕਡ਼ੇ ਲੋਕ ਤਾਂ ਭਾਵੁਕ ਹੋਏ ਹੀ ਸਗੋਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਵਿਨੋਦ ਬਾਂਸਲ ਵੀ ਭਾਵੁਕ ਹੋ ਗਏ। ਇਸ ਦੌਰਾਨ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸਡ਼ਕਨਾਮਾ, ਕੈਂਬ੍ਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਰਿੰਪੀ, ਸੂਬਾ ਕਾਂਗਰਸ ਦੇ ਸਕੱਤਰ ਗੁਰਪ੍ਰੀਤ ਸਿੰਘ ਹੈਪੀ, ਵੇਵਜ ਓਵਰਸੀਜ਼ ਦੇ ਡਾਇਰੈਕਟਰ ਗੌਰਵ ਗੁਪਤਾ ਅਤੇ ਡਾ. ਹਰਨੇਕ ਸਿੰਘ ਰੋਡੇ ਨੇ ਸੋਸਾਇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਵਿੱਕੀ ਅਤੇ ਸੇਵਾ ਮੁਕਤ ਪੁਲਸ ਅਧਿਕਾਰੀ ਮੁਖਤਿਆਰ ਸਿੰਘ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋਡ਼ ਹੈ ਕਿ ਨਾਟਕਾਂ ਜਿਹੀ ਤਕਨੀਕੀ ਵਿਧੀ ਨਾਲ ਨਸ਼ਿਆਂ ਵਿਰੁੱਧ ਹਰ ਪੰਜਾਬ ਵਾਸੀ ਨੂੰ ਲਾਮਬੰਦ ਕੀਤਾ ਜਾ ਸਕੇ। ਮੁਖਤਿਆਰ ਸਿੰਘ ਨੇ ਕਿਹਾ ਕਿ ਉਹ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਾਰੀ ਰੱਖਣਗੇ। ਮੁੱਖ ਸੇਵਾਦਾਰ ਜਸਪ੍ਰੀਤ ਵਿੱਕੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਸਿੰਘ ਸੰਤ ਨਗਰ, ਪ੍ਰੋ. ਗੁਰਮੇਲ ਸਿੰਘ, ਅਮਰ ਸੂਫ਼ੀ, ਪ੍ਰਵੀਨ, ਵਿੱਕੀ ਤਪਾ, ਗੋਪਾਲ ਸਰੂਪ, ਗੁਰਤੇਜ ਢੱਡੀ ਤੇ ਸ਼ਹਿਰ ਵਾਸੀ ਹਾਜ਼ਰ ਸਨ।
