ਅਧਿਕਾਰੀ ਦਫਤਰਾਂ ’ਚ ਸਮੇਂ ਸਿਰ ਪੁੱਜਣ ਲਈ ਪ੍ਰਤੀਬੰਦ ਰਹਿਣ : ਵਿਧਾਇਕ ਬਰਾਡ਼

Tuesday, Apr 02, 2019 - 04:14 AM (IST)

ਅਧਿਕਾਰੀ ਦਫਤਰਾਂ ’ਚ ਸਮੇਂ ਸਿਰ ਪੁੱਜਣ ਲਈ ਪ੍ਰਤੀਬੰਦ ਰਹਿਣ : ਵਿਧਾਇਕ ਬਰਾਡ਼
ਮੋਗਾ (ਚਟਾਨੀ)-ਦਫਤਰੀ ਕਾਰਜਾਂ ’ਚ ਅਧਿਕਾਰੀਆਂ ਅਤੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੇ ਅਵੇਸਲੇਪਨ ਦਾ ਗੰਭੀਰ ਨੋਟਿਸ ਲੈਂਦਿਆਂ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਅਜਿਹੇ ਅਧਿਕਾਰੀਆਂ ਨੂੰ ਸਖਤ ਤਾਡ਼ਨਾ ਕੀਤੀ ਹੈ ਜਿਹਡ਼ੇ ਡਿਊਟੀ ਪ੍ਰਤੀ ਵਫਾਦਾਰ ਨਹੀਂ ਹਨ। ਉਨ੍ਹਾਂ ਕੋਲ ਆਮ ਜਨਤਾ ਦੀਆਂ ਅਖਬਾਰੀ ਅਤੇ ਜ਼ੁਬਾਨੀ ਸ਼ਿਕਾਇਤਾਂ ਪੁੱਜ ਰਹੀਆਂ ਸਨ ਕਿ ਉਨ੍ਹਾਂ ਦੇ ਮਾਮੂਲੀ ਕਾਰਜਾਂ ਨੂੰ ਬਿਨਾਂ ਕਾਰਨ ਕਈ-ਕਈ ਦਿਨ ਲਟਕਾਇਆ ਜਾ ਰਿਹਾ ਹੈ, ਜਿਸ ਸਬੰਧੀ ਵਿਧਾਇਕ ਦੇ ਤੇਵਰ ਅਫਸਰਸ਼ਾਹੀ ਖਿਲਾਫ ਤਿੱਖੇ ਹੋ ਗਏ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਫੋਨ ਰਾਹੀਂ ਝੰਜੋਡ਼ਿਆ ਅਤੇ ਕਿਹਾ ਕਿ ਲੋਕ ਸਹੂਲਤਾਂ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਦਫਤਰਾਂ ਵਿਚ ਸਮੇਂ ਸਿਰ ਪੁੱਜਣ ਲਈ ਉਹ ਖੁਦ ਪ੍ਰਤੀਬੱਦ ਰਹਿਣ ਅਤੇ ਆਪਣੇ ਅਮਲੇ ਨੂੰ ਵੀ ਇਸ ਪ੍ਰਤੀ ਪਾਬੰਦ ਰਹਿਣ ਦੀਆਂ ਹਦਾਇਤਾਂ ਕਰਨ। ਉਹ ਕਿਸੇ ਵੇਲੇ ਵੀ ਦਫਤਰ ਦੀ ਅਚਨਚੇਤੀ ਪਡ਼ਤਾਲ ਕਰ ਸਕਦੇ ਹਨ ਅਤੇ ਦੌਰੇ ਦੌਰਾਨ ਦੇਖੀ ਗਈ ਕਿਸੇ ਵੀ ਅਣਗਹਿਲੀ ਦਾ ਮੌਕੇ ’ਤੇ ਹੀ ਸਖਤ ਐਕਸ਼ਨ ਯਕੀਨੀ ਹੋਵੇਗਾ।

Related News