ਡੂੰਘੇ ਖੱਡੇ ’ਚ ਡਿੱਗਣ ਕਾਰਣ ਨੌਜਵਾਨ ਦੀ ਮੌਤ

03/18/2020 6:35:34 PM

ਮੋਗਾ (ਜ.ਬ.) - ਸ਼ਹਿਰ ਦੇ ਹਾਈਵੇ ਪੁਲ ਅਤੇ ਸਾਈਡ ਰੋਡ ’ਤੇ ਬਣੇ 2 ਫੁੱਟ ਦੇ ਖੱਡੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਪਤਾ ਨਹੀਂ ਉਕਤ ਖੱਡੇ ਹੋਰ ਕਿੰਨੇ ਲੋਕਾਂ ਦੀਆਂ ਜਾਨਾਂ ਲੈਣਗੇ। ਅਜਿਹੀ ਹੀ ਇਕ ਘਟਨਾ ਪਿਛਲੀ ਰਾਤ ਕਰੀਬ 8 ਵਜੇ ਮੋਗਾ ਵਿਖੇ ਵਾਪਰੀ, ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਨਿਧਾਂ ਵਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 30 ਸਾਲਾਂ ਨੌਜਵਾਨ ਜਦੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨਿਧਾਂ ਵਾਲਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਉਹ ਪੁਲ ਉੱਤੇ ਬਣੇ ਡੂੰਘੇ ਖੱਡੇ ਵਿਚ ਡਿੱਗ ਗਿਆ। ਖੱਡੇ ’ਚ ਡਿੱਗ ਜਾਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਦਰ ਮੋਗੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬੂਟਾ ਸਿੰਘ ਅਤੇ ਹਵਲਦਾਰ ਗੁਰਪਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਰਾਤ ਨੂੰ ਪੁਲ ਉੱਤੇ ਬਣੇ ਇਕ ਡੂੰਘੇ ਖੱਡੇ ਵਿਚ ਡਿੱਗ ਪਿਆ ਸੀ, ਜਿਸ ਕਾਰਨ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਲੋਕਾਂ ਨੇ ਉਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਅੱਜ ਸਵੇਰੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।


rajwinder kaur

Content Editor

Related News