ਬਾਘਾ ਪੁਰਾਣਾ ਦੇ ਪਿੰਡਾਂ ’ਚ ਸਥਿਤੀ ਬੇਕਾਬੂ ਹੋਣ ਲੱਗੀ, 2 ਮਹੀਨਿਆਂ ’ਚ 3 ਨੌਜਵਾਨਾਂ ਕਥਿਤ ਤੌਰ ’ਤੇ ਚਿੱਟੇ ਨਾਲ ਮੌਤ
Monday, May 23, 2022 - 02:27 PM (IST)
ਘੋਲੀਆਂ ਕਲਾਂ (ਮੋਗਾ) (ਗੋਪੀ ਰਾਊਕੇ, ਅਜੇ) : ਪੰਜਾਬ ਵਿਚ ਸਿਥੈਟਿੰਕ ਡਰੱਗ ‘ਚਿੱਟੇ’ ਦੀ ਵਿਕਰੀ ਮਾਲਵਾ ਖਿੱਤੇ ਦੇ ਮੋਗਾ ਜ਼ਿਲ੍ਹੇ ਅੰਦਰ ਹੱਦਾਂ ਬੰਨ੍ਹੇ ਟੱਪ ਗਈ ਹੈ। ਮੋਗਾ ਹਲਕੇ ਮਗਰੋਂ ਹੁਣ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਵਿਚ ਸਥਿਤੀ ਬੇਕਾਬੂ ਹੋਣ ਲੱਗੀ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਹਲਕੇ ਦੇ ਇਕੱਲੇ ਪਿੰਡ ਘੋਲੀਆਂ ਵਿਖੇ ਕਥਿਤ ਤੌਰ ’ਤੇ ਲੰਘੇ 2 ਮਹੀਨਿਆਂ ਦੌਰਾਨ 3 ਨੌਜਵਾਨਾਂ ਦੀ ਕਥਿਤ ਤੌਰ ’ਤੇ ਨਸ਼ੇ ਦਾ ਵੱਧ ਸੇਵਨ ਕਰਨ ਨਾਲ ਸ਼ੱਕੀ ਹਾਲਾਤ ਵਿਚ ਹੋਈ ਮੌਤ ਮਗਰੋਂ ਪਿੰਡ ਵਾਸੀਆਂ ਦਾ ਇਸ ਨਸ਼ੇ ਵਿਰੁੱਧ ਗੁੱਸਾ ਹੁਣ ਸੜਕਾਂ ’ਤੇ ਪੁੱਜ ਗਿਆ ਹੈ। ਨਸ਼ੇ ਦੀ ਵਿਕਰੀ ਵਿਰੁੱਧ ਪਹਿਲਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਅਤੇ ਪੁਲਸ ਪ੍ਰਸ਼ਾਸਨ ਕੋਲ ਮਾਮਲਾ ਪੁੱਜਾ, ਪਰੰਤੂ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਹੁਣ ਅੱਕੇ ਪਿੰਡ ਵਾਸੀਆਂ ਨੇ ਸੜਕਾਂ ’ਤੇ ਉੱਤਰ ਕੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਦੋਂ ਉਹ ਕਿਸੇ ਕਥਿਤ ਤੌਰ ’ਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀ ਦੀ ਸ਼ਿਕਾਇਤ ਕਰ ਕੇ ਉਸਨੂੰ ਪੁਲਸ ਹਵਾਲੇ ਕਰਦੇ ਹਨ ਤਾਂ ਉਸ ਨੂੰ ਕਥਿਤ ਤੌਰ ’ਤੇ ਥੋੜ੍ਹੇ ਸਮੇਂ ਬਾਅਦ ਹੀ ਹੁਕਮਰਾਨ ਧਿਰ ਦੇ ਕਥਿਤ ਦਬਾਅ ਕਰ ਕੇ ਛੱਡ ਦਿੱਤਾ ਜਾਂਦਾ ਹੈ, ਜਿਸ ਕਰ ਕੇ ਹੁਣ ਇਸ ਨਸ਼ੇ ਵਿਰੁੱਧ ਉਨ੍ਹਾਂ ਆਪ ਹੀ ‘ਝੰਡਾ’ ਚੁੱਕ ਲਿਆ ਹੈ।
ਐਤਵਾਰ ਨੂੰ ਰੋਸ ਧਰਨੇ ਦੌਰਾਨ ਨਾਅਰੇਬਾਜ਼ੀ ਕਰਦਿਆਂ ਪਿੰਡ ਵਾਸੀਆਂ ਚਰਨਜੀਤ ਕੌਰ, ਸੁਖਵਿੰਦਰ ਕੌਰ, ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਵਿਚ ਸਿਥੈਟਿੰਕ ਡਰੱਗ ‘ਚਿੱਟੇ’ ਦੀ ਸ਼ਰੇਆਮ ਵਿਕਰੀ ਹੋ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ਿਆਂ ਦੇ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਫ਼ਸੇ ਨੌਜਵਾਨਾਂ ਦੀ ਜੇਕਰ ਪਹਿਚਾਣ ਕੀਤੀ ਜਾਵੇ ਤਾਂ ਅੰਕੜਾ ਸੈਂਕੜਿਆਂ ਵਿਚ ਪਹੁੰਚ ਸਕਦਾ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ’ਤੇ ਵੀ ਕਥਿਤ ਤੌਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿੱਧਰੇ ਕੋਈ ਸੁਣਵਾਈ ਨਹੀਂ ਹੈ, ਜਿਸ ਕਾਰਣ ਪਿੰਡ ਵਿਚ ਇਹ ਨਸ਼ਾ ਛੈਲ ਛਬੀਲੇ ਪੁੱਤ ਖੋਹ ਰਿਹਾ ਹੈ।
20 ਵਰ੍ਹਿਆਂ ਦਾ ਪੁੱਤ ਨਸ਼ੇ ਨੇ ਖਾ ਲਿਆ ਅਤੇ ਹੁਣ ਸਿਰ ਦੇ ਸਾਈਂ ਨੂੰ ਬੀਮਾਰੀ ਤੋਂ ਬਚਾਉਣ ਲਈ ਤਰਲੇ ਮਾਰ ਰਹੀ ਔਰਤ
ਨਸ਼ੇ ਦੇ ਕਥਿਤ ਸੇਵਨ ਨਾਲ ਮੌਤ ਦੇ ਮੂੰਹ ਗਏ ਆਪਣੇ ਪੁੱਤ ਨੂੰ ਚੇਤੇ ਕਰ ਕੇ ਭੁੱਬਾਂ ਮਾਰ ਰੋਂਦੀ ਘੋਲੀਆਂ ਕਲਾਂ ਦੀ ਇਕ ਔਰਤ ਨੇ ਆਪਣੇ ਦੁੱਖੜੇ ਫਰੋਲਦੇ ਹੋਏ ਦੱਸਿਆ ਕਿ ਪੁੱਤ ਨੂੰ ਇਸ ਆਸ ਨਾਲ ਪਾਲਿਆ ਸੀ ਕਿ ਉਹ ਵੱਡਾ ਹੋ ਕੇ ਹੁਣ ਬੁਢਾਪੇ ਵਿਚ ਸਾਡੀ ਡੰਗੋਰੀ ਬਣੇਗਾ ਪਰ ਨਸ਼ੇ ਨੇ ਮੇਰਾ ਪੁੱਤ ਖਾ ਲਿਆ ਅਤੇ ਪਤੀ ਬੀਮਾਰੀ ਕਾਰਣ ਮੰਜੇ ਨਾਲ ਮੰਜਾ ਬਣਿਆ ਪਿਆ ਹੈ, ਜਿਸ ਦੇ ਇਲਾਜ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਈ ਨਸ਼ਿਆਂ ਦੇ ਸਮੱਗਲਰ ਨੌਜਵਾਨਾਂ ਨੂੰ ਫ਼ਸਾ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਕੋਈ ਸੁਣਵਾਈ ਨਹੀਂ ਕਰਦੀ ਹੈ।
ਨਸ਼ੇ ਦੀ ਦਲ-ਦਲ ਵਿਚ ਫ਼ਸੇ ਨੌਜਵਾਨਾਂ ਨੇ ਘਰ ਦਾ ਸਾਮਾਨ ਵੇਚਿਆ
ਪਿੰਡ ਘੋਲੀਆਂ ਕਲਾਂ ਵਿਖੇ ਉਸ ਵੇਲੇ ਹੈਰਾਨੀਜਨਕ ਤੱਥ ਦੇਖਣ ਨੂੰ ਮਿਲਿਆ ਜਦੋਂ ਪਤਾ ਲੱਗਾ ਕਿ ਕਥਿਤ ਤੌਰ ’ਤੇ ਨਸ਼ੇ ਦੀ ਦਲਦਲ ਵਿਚ ਫ਼ਸੇ ਨੌਜਵਾਨਾਂ ਨੇ ਆਪਣੇ ਘਰਾਂ ਦਾ ਸਾਮਾਨ ਤੱਕ ਵੇਚ ਦਿੱਤਾ ਹੈ ਅਤੇ ਹੁਣ ਘਰ ਖਾਲ੍ਹੀ ਹਨ ਅਤੇ ਇੱਥੋਂ ਤੱਕ ਕੇ ਆਲੇ-ਦੁਆਲੇ ਕੰਧਾਂ ਵੀ ਨਹੀਂ ਬਚੀਆ ਹਨ। ਗਰਮੀ ਅਤੇ ਅੰਤਾਂ ਦੀ ਠੰਡ ਵੇਲੇ ਨੀਲੇ ਅਸਮਾਨ ਥੱਲੇ ਰਾਤਾਂ ਕੱਟਦੇ ਹਨ। ਪਿੰਡ ਵਾਸੀਆਂ ਨੇ ਹਾੜੇ ਕੱਢਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਜਵਾਨੀ ਨੂੰ ਬਚਾ ਲਵੋ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਗੰਭੀਰ ਬਣੇਗੀ।
ਚਿੱਟੇ ਦੇ ਅੱਤਵਾਦ ਤੋਂ ਬਚਣ ਲਈ ਨੌਜਵਾਨਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ : ਕਮਲਜੀਤ ਬਰਾੜ
ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਮੋਗਾ ਜ਼ਿਲ੍ਹੇ ਸਮੇਤ ਪੰਜਾਬ ਵਿਚ ਹੱਦੋਂ ਵੱਧ ਰਹੇ ਸਿਥੈਟਿੰਕ ਡਰੱਗ ਚਿੱਟੇ ਦੇ ਮਾਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਚਿੱਟੇ ਦੇ ਅੱਤਵਾਦ ਤੋਂ ਬਚਣ ਲਈ ਨੌਜਵਾਨਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਵੱਡੀ ਸਾਜ਼ਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਸਮੇਂ-ਸਮੇਂ ’ਤੇ ਖਤਮ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਸਾਜ਼ਿਸ਼ਕਾਰਾਂ ਨੇ ਚਿੱਟੇ ਰੂਪੀ ਜ਼ਹਿਰ ਨਾਲ ਨੌਜਵਾਨਾਂ ਨੂੰ ਖ਼ਤਮ ਕਰਨ ਦੀ ਵਿਉਂਤ ਸੋਚੀ ਹੈ, ਜਿਸ ਤੋਂ ਬਚਣ ਲਈ ਰਲ ਮਿਲ ਕੇ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਹੋਈਆਂ ਮੌਤਾਂ ਨੇ ਸਾਨੂੰ ਸੋਚਣ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਤੋਂ ਨਹੀਂ ਸਾਨੂੰ ਖਤਮ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਕਰਨ ਦੀ ਆਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਨਹੀਂ ਕੀਤੀ ਜਾ ਸਕਦੀ।
10 ਦਿਨਾਂ ’ਚ ਨਾ ਕੀਤੀ ਕਾਰਵਾਈ ਤਾਂ ‘ਆਪ’ ਵਿਧਾਇਕ ਦੇ ਦਫਤਰ ਦਾ ਕਰਾਂਗੇ ਘਿਰਾਉ
ਇਸੇ ਦੌਰਾਨ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ 10 ਦਿਨਾਂ ਤੱਕ ਕੋਈ ਕਾਰਵਾਈ ਨਾ ਹੋਈ ਤਾਂ ‘ਆਪ’ ਵਿਧਾਇਕ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ 24 ਘੰਟਿਆ ਵਿਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਇਸ ਮਾਮਲੇ ’ਤੇ ਫੇਲ ਹੋ ਗਈ ਹੈ।
ਕੀ ਬੋਲੇ ਥਾਣਾ ਮੁਖੀ
ਇਸੇ ਦੌਰਾਨ ਥਾਣਾ ਬਾਘਾ ਪੁਰਾਣਾ ਦੇ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੀ ਨਸ਼ਿਆਂ ਨਾਲ ਮੌਤ ਦੇ ਮਾਮਲੇ ਪੁਰਾਣੇ ਹੋ ਸਕਦੇ ਹਨ। ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੇ ਨਾਮ ਨਸ਼ੇ ਦੇ ਸੇਵਨ ਕਰਨ ਸਬੰਧੀ ਆਏ ਹਨ, ਉਨ੍ਹਾਂ ਨੂੰ ਜਲਦੀ ਹੀ ਨਸ਼ਾ ਛੁਡਾਊ ਕੇਂਦਰ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ 10 ਦਿਨ ਪਹਿਲਾ ਨਸ਼ੇ ਕਰ ਕੇ ਮੌਤ ਦੇ ਮੂੰਹ ਗਏ ਨੌਜਵਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ 2019 ਦਾ ਮਾਮਲਾ ਹੋ ਸਕਦਾ ਹੈ।