ਮੋਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਦਾ ਘਾਣ ਕਰਨ ’ਤੇ ਤੁਲੀ : ਸੁਨੀਲ
Tuesday, Oct 27, 2020 - 10:54 PM (IST)
ਨੂਰਪੁਰਬੇਦੀ, (ਭੰਡਾਰੀ/ਸ਼ਮਸ਼ੇਰ/ਕੁਲਦੀਪ/ਤਰਨਜੀਤ/ਅਵਿਨਾਸ਼)- ਕੇਂਦਰੀ ਖੇਤਾਂ ਕਾਨੂੰਨਾਂ ਦੇ ਵਿਰੋਧ ’ਚ ਯੂਥ ਕਾਂਗਰਸ ਵੱਲੋਂ ਵਿਸ਼ੇਸ਼ ਤੌਰ ’ਤੇ ਆਰੰਭੀ ਦਸਤਖਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖਡ਼ ਨੂਰਪੁਰਬੇਦੀ ਵਿਖੇ ਕਿਸਾਨਾਂ ਅਤੇ ਪਾਰਟੀ ਵਰਕਰਾਂ ਦੇ ਰੂਬਰੂ ਹੋਏ। ਸਥਾਨਕ ਸੰਮਤੀ ਰੈਸਟ ਹਾਊਸ ਵਿਖੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਾਖਡ਼ ਨੇ ਕਿਹਾ ਕਿ ਕੋਈ ਤਾਂ ਕਾਰਣ ਹੋਵੇਗਾ ਜੋ ਰਾਵਣ ਦੀ ਜਗ੍ਹਾ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ। ਕੋਈ ਤਾਂ ਕਾਰਣ ਹੋਵੇਗਾ ਜੋ ਕਿਸਾਨ ਟੋਲ ਪਲਾਜ਼ਿਆਂ ’ਤੇ ਰੇਲਾਂ ਰੋਕਣ ਨੂੰ ਮਜ਼ਬੂਰ ਹੋ ਰਹੇ ਹਨ।
ਪਰ ਇਸ ਸਭ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੇ ਸਿਖਰ ’ਤੇ ਪਹੁੰਚ ਚੁੱਕੇ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਆਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਦੇਸ਼ ਦੇ ਸੰਘੀ ਢਾਂਚੇ ਦਾ ਘਾਣ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੀ.ਐੱਸ.ਟੀ. ਦੀ ਹਿੱਸੇਦਾਰੀ ਰੋਕਣਾ ਅਤੇ ਹੁਣ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੋਕ ਕੇ ਮੋਦੀ ਸਰਕਾਰ ਪੰਜਾਬ ਨਾਲ ਬਦਲਾਖੋਰੀ ਕਰ ਰਹੀ ਹੈ ਤਾਂ ਜੋ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਅਾਵਾਜ਼ ਬੁਲੰਦ ਕਰਨ ਵਾਲੇ ਪੰਜਾਬ ਨੂੰ ਸਬਕ ਸਿਖਾਇਆ ਜਾ ਸਕੇ। ਉਨਾਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਵਤੀਰਾ ਦੇਸ਼ ਦੇ ਸੰਘੀ ਢਾਂਚੇ ਦੇ ਮੂਲ ਸਿਧਾਂਤ ਦਾ ਘੋਰ ਉਲੰਘਣ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੇ ਖੇਤੀ ਅਰਥਚਾਰੇ ਨੂੰ ਤਾਂ ਤਬਾਹ ਕਰਣਗੇ ਹੀ ਬਲਕਿ ਇਸਦੇ ਨਾਲ-ਨਾਲ ਆਡ਼ਤੀਆਂ, ਟਰਾਂਸਪੋਰਟਰਾਂ, ਛੋਟੇ ਵਪਾਰੀਆਂ ਅਤੇ ਮਜਦੂਰਾਂ ਲਈ ਵੀ ਤਬਾਹਕੂੰਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2004 ’ਚ ਜਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ’ਚ ਇਤਿਹਾਸਕ ਬਿੱਲ ਲਿਆਂਦਾ ਸੀ ਉਸੇ ਤਰ੍ਹਾਂ ਇਕ ਵਾਰ ਫਿਰ ਪੰਜਾਬ ਵਿਧਾਨ ਸਭਾ ਵਿਚ 3 ਬਿੱਲ ਲਿਆ ਕੇ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਆਡ਼ਤੀਆਂ, ਟਰਾਂਸਪੋਰਟਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।
ਉਨ੍ਹਾਂ ਕਿਹਾ ਅਕਾਲੀ ਆਗੂ ਪਹਿਲਾਂ ਤਿੰਨ ਮਹੀਨਿਆਂ ਤੱਕ ਕੇਂਦਰ ਦੇ ਕਾਨੂੰਨਾਂ ਦੀ ਹਮਾਇਤ ਕਰਦੇ ਰਹੇ ਸਨ ਅਤੇ ਇਨ੍ਹਾਂ ਨੂੰ ਕਿਸਾਨਾਂ ਲਈ ਵਰਦਾਨ ਦੱਸਦੇ ਰਹੇ ਸਨ। ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਮੁੱਢ ਤਾਂ ਅਕਾਲੀ ਦਲ ਭਾਜਪਾ ਦੀ ਪਿਛਲੀ ਸਰਕਾਰ ਨੇ ਤਦ ਬੰਨਿਆਂ ਸੀ ਜਦ ਇਨ੍ਹਾਂ ਨੇ ਕਣਕ ਖਰੀਦ ਦੇ ਘੋਟਾਲੇ ਦੀ 31 ਹਜ਼ਾਰ ਕਰੋਡ਼ ਦੀ ਰਕਮ ਨੂੰ ਪੰਜਾਬ ਸਿਰ ਕਰਜ਼ਾ ਮੰਨ ਕੇ ਆਪਣੇ ਸੂਬੇ ਨੂੰ ਅਗਲੇ 20 ਸਾਲਾਂ ਲਈ ਇਸ ਕਰਜ਼ ਦੀਆਂ ਕਿਸਤਾਂ ਉਤਾਰਨ ਦੀ ਘੁਮੰਣਘੇਰੀ ’ਚ ਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਏਂਜੰਡਾ ਇਕ ਹੀ ਹੈ ਅਤੇ ਦੋਨੋਂ ਪੰਜਾਬ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਸਵੀਰ ਸਿੰਘ ਸਸਕੌਰ, ਜ਼ਿਲਾ ਪ੍ਰੀਸ਼ਦ ਮੈਂਬਰ ਦੇਸਰਾਜ ਸੈਣੀ, ਸੰਮਤੀ ਚੇਅਰਮੈਨ ਪ੍ਰੇਮ ਦਾਸ ਬਜਰੂਡ਼, ਵਿਜੇ ਕੁਮਾਰ ਪਿੰਕਾ, ਨਰੇਸ਼ ਚੌਧਰੀ, ਨਰਿੰਦਰ ਬੱਗਾ ਸਹਿਤ ਭਾਰੀ ਗਿਣਤੀ ਕਾਂਗਰਸੀ ਵਰਕਰ ਅਤੇ ਕਿਸਾਨ ਹਾਜ਼ਰ ਸਨ।