ਰਾਫੇਲ ਸੌਦੇ 'ਤੇ ਨੀਅਤ ਸਾਫ ਹੈ ਤਾਂ ਫਿਰ ਜੇ. ਪੀ. ਸੀ. ਜਾਂਚ ਤੋਂ ਇਨਕਾਰ ਕਿਉਂ : ਜਾਖੜ

12/16/2018 9:59:06 AM

ਜਲੰਧਰ/ਬਟਾਲਾ, (ਧਵਨ, ਮਠਾਰੂ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਰਾਫੇਲ ਸੌਦੇ 'ਚ ਆਪਣੇ ਆਪ ਨੂੰ ਪਾਕ-ਪਵਿੱਤਰ ਸਮਝਦੀ ਹੈ ਤਾਂ ਫਿਰ ਉਹ ਇਸ ਮਾਮਲੇ 'ਚ ਜੇ. ਪੀ. ਸੀ. ਦੀ ਜਾਂਚ ਤੋਂ ਇਨਕਾਰ ਕਿਉਂ ਕਰ ਰਹੀ ਹੈ। 

ਜਾਖੜ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਨਾਜ਼ੁਕ ਮਾਮਲੇ ਦੀ ਜਾਂਚ ਲਈ ਜੇ. ਪੀ. ਸੀ. ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਇਹੀ ਸਭ ਤੋਂ ਚੰਗਾ ਬਦਲ ਹੈ। ਅਦਾਲਤੀ ਫੈਸਲੇ 'ਚ ਇਹ ਗੱਲ ਬਿਲਕੁਲ ਨਹੀਂ ਕਹੀ ਗਈ ਕਿ ਇਸ ਮਾਮਲੇ 'ਚ ਹੋਰ ਜਾਂਚ ਨਹੀਂ ਹੋ ਸਕਦੀ ਸਗੋਂ ਅਦਾਲਤ ਨੇ ਤਾਂ ਮੰਨਿਆ ਹੈ ਕਿ ਕੁਝ ਵਿਸ਼ੇ ਅਦਾਲਤੀ ਘੇਰੇ ਤੋਂ ਉਪਰ ਹਨ। ਅਦਾਲਤ ਨੇ ਇਹ ਮੰਨਿਆ ਹੈ ਕਿ ਕੁਝ ਸਵਾਲਾਂ ਦੀ ਸਮੀਖਿਆ ਉਸ ਦੇ ਘੇਰੇ 'ਚ ਨਹੀਂ ਆਉਂਦੀ ਕਿਉਂਕਿ ਉਸ ਦੀਆਂ ਵੀ ਕੁਝ ਹੱਦਾਂ  ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅਦਾਲਤ ਦੇ ਸਾਹਮਣੇ ਵੀ ਝੂਠੇ ਤੱਥ ਪੇਸ਼ ਕੀਤੇ। ਗਲਤ ਤੱਥ ਪੇਸ਼ ਕਰਨ ਦੇ ਮਾਮਲੇ 'ਚ ਜਲਦੀ ਹੀ ਸੱਚਾਈ ਸਾਹਮਣੇ ਆ ਜਾਏਗੀ। ਰਾਫੇਲ ਹਵਾਈ ਜਹਾਜ਼ਾਂ ਦੀ ਕੀਮਤ ਬਾਰੇ ਜਾਣਕਾਰੀ ਕੈਗ ਨੂੰ ਦਿੱਤੀ ਗਈ ਸੀ। ਇਸ ਬਾਰੇ ਸੰਸਦ ਦੀ ਪਬਲਿਕ ਅਕਾਊਂਟ ਕਮੇਟੀ ਵਲੋਂ ਵੀ ਨਿਰੀਖਣ ਕੀਤਾ ਗਿਆ ਸੀ।

ਜਾਖੜ ਨੇ ਕਿਹਾ ਕਿ ਜਦੋਂ ਕੇਂਦਰ 'ਚ ਯੂ. ਪੀ. ਏ. ਦੀ ਸਰਕਾਰ ਸੀ ਤਾਂ 126 ਰਾਫੇਲ ਹਵਾਈ ਜਹਾਜ਼ ਖਰੀਦਣ ਸਬੰਧੀ ਸੌਦਾ ਹੋਇਆ ਸੀ। ਉਸ 'ਚੋਂ 18 ਹਵਾਈ ਜਹਾਜ਼ ਫਰਾਂਸ 'ਚੋਂ ਤਿਆਰ ਹੋ ਕੇ ਮਿਲਣੇ ਸਨ ਤੇ ਬਾਕੀ 108 ਹਵਾਈ ਜਹਾਜ਼ ਐੱਚ. ਏ. ਐੈੱਲ. ਕੰਪਨੀ ਨੇ ਬਣਾਉਣੇ ਸਨ। ਮੋਦੀ ਸਰਕਾਰ ਨੇ 2015 'ਚ ਉਕਤ ਸਮਝੌਤਾ ਰੱਦ ਕਰ ਕੇ ਨਵਾਂ ਸਮਝੌਤਾ ਕੀਤਾ ਤੇ 36 ਹਵਾਈ ਜਹਾਜ਼ ਦੀ ਗੱਲ ਕਹੀ ਗਈ। ਜਾਖੜ ਨੇ ਕਿਹਾ ਕਿ ਕਾਂਗਰਸ ਲੰਬੇ ਸਮੇਂ ਤੋਂ ਸੰਸਦ 'ਚ ਇਹ ਮਾਮਲਾ ਉਠਾ ਰਹੀ ਹੈ ਪਰ ਸਰਕਾਰ ਚਰਚਾ ਨਹੀਂ ਕਰਵਾ ਰਹੀ। ਮਲਿਕਾਅਰੁਜਨ ਖੜਗੇ ਨੇ ਵੀ ਸੰਸਦ ਭਵਨ ਦੇ ਬਾਹਰ ਰਾਫੇਲ ਦਾ ਮਾਡਲ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੌਰਾਨ  ਕਿਹਾ ਕਿ ਇਸ ਦੀ ਜੇ. ਪੀ. ਸੀ. ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ।


Shyna

Content Editor

Related News