ਮੋਦੀ ਵੀ ਨਵਾਜ ਸ਼ਰੀਫ ਦੇ ਪਰਿਵਾਰਕ ਸਮਾਰੋਹ ''ਚ ਸ਼ਾਮਲ ਹੋਏ ਸਨ ਤਾਂ ਫਿਰ ਸਿੱਧੂ ਦੇ ਪਾਕਿ ਜਾਣ ''ਤੇ ਇਤਰਾਜ਼ ਕਿਉਂ : ਜਾਖੜ

08/19/2018 7:10:48 AM

ਚੰਡੀਗੜ੍ਹ, (ਬਿਊਰੋ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਪਾਕਿਸਤਾਨ ਦੌਰੇ ਅਤੇ ਇਮਰਾਨ ਖਾਨ ਦੀ ਤਾਜਪੋਸ਼ੀ ਸਮਾਰੋਹ 'ਚ ਹਿੱਸਾ ਲੈਣ 'ਤੇ ਇੰਨਾ ਹੋ-ਹੱਲ੍ਹਾ ਭਾਜਪਾਈਆਂ ਵਲੋਂ ਕਿਉਂ ਮਚਾਇਆ ਜਾ ਰਿਹਾ ਹੈ। ਜਾਖੜ ਨੇ ਇਕ ਬਿਆਨ 'ਚ ਕਿਹਾ ਕਿ ਕਾਰਗਿਲ ਵਿਚ ਜਦੋਂ ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਵਾਜਪਾਈ ਦੇ ਕਾਰਜਕਾਲ ਵਿਚ ਜੰਗ ਭਾਰਤ 'ਤੇ ਥੋਪੀ ਸੀ ਤਾਂ ਉਸ ਤੋਂ ਬਾਅਦ ਵਾਜਪਾਈ ਸ਼ਾਂਤੀ ਦਾ ਸੰਦੇਸ਼ ਲੈ ਕੇ ਖ਼ੁਦ ਪਾਕਿਸਤਾਨ ਗਏ ਸਨ। 
ਇਸੇ ਤਰ੍ਹਾਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਿਨਾਂ ਕਿਸੇ ਨੂੰ ਦੱਸੇ ਨਵਾਜ਼ ਸ਼ਰੀਫ ਦੇ ਪਰਿਵਾਰਕ ਮੈਂਬਰ ਦੇ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੇ ਨਵਾਜ਼ ਸ਼ਰੀਫ ਦੇ ਘਰ ਜਾਣ ਨੂੰ ਇਹ ਸਮਝ ਲਿਆ ਗਿਆ ਸੀ ਕਿ ਭਾਰਤ ਦੀ ਪਾਕਿਸਤਾਨ ਪ੍ਰਤੀ ਸੁਰੱਖਿਆ ਨੀਤੀ ਵਿਚ  ਕੋਈ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਮੁੱਦੇ 'ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 
ਜਾਖੜ ਨੇ ਕਿਹਾ ਕਿ ਸਿੱਧੂ ਨੂੰ ਇਮਰਾਨ ਖਾਨ ਨੇ ਨਿੱਜੀ ਤੌਰ 'ਤੇ ਆਪਣੇ ਸਹੁੰ-ਚੁੱਕ ਸਮਾਰੋਹ ਵਿਚ ਸੱਦਾ ਦਿੱਤਾ ਹੈ। ਸਿੱਧੂ ਅਤੇ ਇਮਰਾਨ ਦੋਵੇਂ ਪੁਰਾਣੇ ਕ੍ਰਿਕਟਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਸਬੰਧਾਂ 'ਤੇ ਸਿਆਸਤ ਹਾਵੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਇਮਰਾਨ ਦੇ ਸਹੁੰ-ਚੁੱਕ ਸਮਾਰੋਹ ਵਿਚ ਸ਼ਾਮਿਲ ਹੋਏ ਹਨ ਤਾਂ ਹੁਣ ਗੇਂਦ ਇਮਰਾਨ ਖਾਨ ਦੇ ਵਿਹੜੇ ਵਿਚ ਆ ਡਿੱਗੀ ਹੈ। ਹੁਣ ਸਾਨੂੰ ਇਹ ਦੇਖਣਾ ਪਵੇਗਾ ਕਿ ਇਮਰਾਨ ਖਾਨ ਪਾਕਿਸਤਾਨ ਫੌਜ ਦੇ ਇਸਾਰਿਆਂ 'ਤੇ ਹੀ ਕੰਮ ਕਰਦੇ ਹਨ ਜਾਂ ਫਿਰ ਉਹ ਆਪਣੇ ਰਵੱਈਆ ਭਾਰਤ ਪ੍ਰਤੀ ਬਦਲਦੇ ਹਨ। 
ਸਿੱਧੂ ਦੇ ਸਹੁੰ-ਚੁੱਕ ਸਮਾਰੋਹ ਵਿਚ ਸ਼ਾਮਿਲ ਹੋਣ ਨਾਲ ਭਾਰਤ ਦੀ ਪਾਕਿਸਤਾਨ ਪ੍ਰਤੀ ਸੁਰੱਖਿਆ ਨੀਤੀ ਵਿਚ ਕੋਈ ਤਬਦੀਲੀ ਆਉਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 4-5 ਸਾਲਾਂ ਤੋਂ ਲਗਾਤਾਰ ਪਾਕਿਸਤਾਨ ਵਲੋਂ ਕਸ਼ਮੀਰ ਵਿਚ ਭਾਰਤੀ ਫੌਜੀਆਂ ਅਤੇ ਨਿਰਦੋਸ਼ ਲੋਕਾਂ 'ਤੇ ਹਮਲੇ ਕੀਤੇ ਜਾ ਰਹੇ ਹਨ। 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਬਾਵਜੂਦ ਪਾਕਿਸਤਾਨ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਇਹ ਹੋਵੇਗਾ ਕਿ ਇਮਰਾਨ ਆਉਣ ਵਾਲੇ ਦਿਨਾਂ ਵਿਚ ਭਾਰਤ ਪ੍ਰਤੀ ਕੀ ਰਵੱਈਆ ਅਤੇ ਕੀ ਨੀਤੀਆਂ ਲੈ ਕੇ ਸਾਹਮਣੇ ਆਉਂਦੇ ਹਨ। ਉਸ ਤੋਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਦੇ ਲੰਮੇ ਸਮੇਂਦੇ ਸਬੰਧ ਤੈਅ ਹੋਣਗੇ।


Related News