ਮੌਕ ਡਰਿੱਲ : ਦੁਬਈ ਤੋਂ ਪਰਤੇ ਵਿਅਕਤੀ ਨੇ ਫੋਨ ਕਰਕੇ ਕਿਹਾ, ਮੈਨੂੰ ਕੋਰੋਨਾ ਹੋਣ ਦੀ ਸੰਭਾਵਨਾ

03/19/2020 12:16:21 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਭੁੱਲਰ, ਖੁੱਲਰ, ਪਰਮਜੀਤ) – ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੁੱਧਵਾਰ ਨੂੰ ਪਿੰਡ ਮੋਹਕਮ ਖਾਂ ਵਾਲਾ ’ਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ’ਚ ਮੌਕ ਡਰਿੱਲ ਕਰਵਾਈ ਗਈ, ਜਿਸ ’ਚ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ। ਡੀ.ਸੀ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਸਿਰਫ ਜਾਗਰੂਕਤਾ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਇਸ ਬੀਮਾਰੀ ਤੋਂ ਦੂਰ ਰਿਹਾ ਜਾ ਸਕੇ। ਡੀ.ਸੀ. ਨੇ ਕਿਹਾ ਕਿ ਲੋਕਾਂ ਨੂੰ ਸਾਫ-ਸਫਾਈ ਦਾ ਧਿਆਨ ਰੱਖਣ, ਖੰਘਦੇ ਅਤੇ ਛਿੱਕਦੇ ਸਮੇਂ ਮੂੰਹ ਨੂੰ ਢੱਕਣ, ਵਾਰ-ਵਾਰ ਹੱਥ ਧੋਣ ਅਤੇ ਭੀੜ-ਭਾੜ ਵਾਲੇ ਸਥਾਨਾਂ ’ਤੇ ਜਾਣ ਤੋਂ ਪ੍ਰਹੇਜ਼ ਰੱਖਣ ਦੀ ਜ਼ਰੂਰਤ ਹੈ। ਮੌਕ ਡਰਿੱਲ ਦੀ ਸ਼ੁਰੂਆਤ ’ਚ ਪਿੰਡ ਦੇ ਇਕ ਘਰ ਤੋਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ ਤੋਂ ਆਏ ਹੋਏ ਇਕ ਵਿਅਕਤੀ ਦੇ ਬਾਰੇ ਕੰਟਰੋਲ ਰੂਮ ’ਤੇ ਫੋਨ ਕਰ ਸੂਚਨਾ ਦਿੱਤੀ ਗਈ।

ਪੜ੍ਹੋ ਇਹ ਖਬਰ ਵੀ  -  ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਵੱਡਾ ਫੈਸਲਾ 

ਸੂਚਨਾ ਮਿਲਦੇ ਸਿਹਤ, ਪੁਲਸ, ਫੂਡ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਸ ਵਿਭਾਗ ਨੇ ਪਿੰਡ ਨੂੰ ਸੀਲ ਕਰ ਦਿੱਤਾ ਅਤੇ ਸਿਹਤ ਵਿਭਾਗ ਦੀ ਇਕ ਟੀਮ ਮਰੀਜ਼ ਤੱਕ ਪਹੁੰਚੀ। ਮਰੀਜ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਦੁਬਈ ਤੋਂ ਆਇਆ ਹੈ ਅਤੇ ਉਸ ਨੂੰ ਖਾਂਸੀ-ਜ਼ੁਕਾਮ ਦੀ ਸਮੱਸਿਆ ਹੈ। ਕੋਰੋਨਾ ਵਾਇਰਸ ਸਬੰਧੀ ਉਹ ਜਾਗਰੂਕ ਸੀ ਇਸ ਲਈ ਖੁਦ ਕੰਟਰੋਲ ਰੂਮ ’ਤੇ ਫੋਨ ਕਰ ਦਿੱਤਾ। ਮੌਕ ਡਰਿੱਲ ਦੌਰਾਨ ਟੀਮ ਵਲੋਂ ਸ਼ੱਕੀ ਮਰੀਜ਼ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਦੀ ਜਾਂਚ ਦੌਰਾਨ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਮਰੀਜ਼ ਨੂੰ ਵੱਖ ਕਮਰੇ ’ਚ ਰੱਖਿਆ ਹੋਇਆ ਸੀ ਅਤੇ ਕੋਈ ਵੀ ਮੈਂਬਰ ਉਸ ਦੇ ਸੰਪਰਕ ’ਚ ਨਹੀਂ ਆਇਆ। ਮੌਕ ਡਰਿੱਲ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦੇ ਲਗਭਗ ਸਾਰੇ ਘਰਾਂ ਦਾ ਦੌਰਾ ਕਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਬਾਰੇ ਪੁੱਛਿਆ। ਇਸ ਦੌਰਾਨ ਫੂਡ ਐਂਡ ਸਿਵਲ ਸਪਲਾਈ ਵਿਭਾਗ ਨੇ ਪਿੰਡ ਦੇ ਵੱਖ-ਵੱਖ ਘਰਾਂ ’ਚ ਰਾਸ਼ਨ ਸਪਲਾਈ ਜਾਰੀ ਰੱਖੀ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ।

ਪੜ੍ਹੋ ਇਹ ਖਬਰ ਵੀ  -  ਕੋਰੋਨਾ ਵਾਇਰਸ : USA 'ਚ ਪੜ੍ਹ ਰਹੇ 2 ਲੱਖ ਭਾਰਤੀ ਪ੍ਰੇਸ਼ਾਨ, ਮਿਲੇ ਹੋਸਟਲ ਖਾਲੀ ਕਰਨ ਦੇ ਹੁਕਮ

ਅਫਵਾਹਾਂ ਤੋਂ ਬਚਣ ਲੋਕ
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਮੌਕ ਡਰਿੱਲ ਸਾਡੀਆਂ ਤਿਆਰੀਆਂ ਦਾ ਇਕ ਅਹਿਮ ਹਿੱਸਾ ਹੈ, ਜਿਸ ’ਚ ਅਸੀਂ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਜਗ੍ਹਾ ਖੜ੍ਹੇ ਹਾਂ, ਇਸ ਦੇ ਬਾਰੇ ਪਤਾ ਲੱਗਦਾ ਹੈ। ਇਸ ਤੋਂ ਸਾਨੂੰ ਆਪਣੀਆਂ ਕਮੀਆਂ ਦੂਰ ਕਰਨ ਦਾ ਮੌਕਾ ਮਿਲਦਾ ਹੈ। ਕੋਰੋਨਾ ਸਬੰਧੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਲੋਕ ਇਸ ਬੀਮਾਰੀ ਸਬੰਧੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਜ਼ਿਲੇ ’ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਵੀ ਵਿਅਕਤੀ ਨਹੀਂ ਹੈ ਅਤੇ ਜੇਕਰ ਕੋਈ ਇਹੋ ਜਿਹੀ ਸਥਿਤੀ ਆਉਂਦੀ ਤਾਂ ਉਸ ਨਾਲ ਕਿਸ ਤਰ੍ਹਾਂ ਨਿਪਟਣਾ ਹੈ, ਇਸ ਕਰ ਕੇ ਹੀ ਇਹ ਮੌਕ ਡਰਿੱਲ ਕਰਵਾਈ ਗਈ ਹੈ।

ਪੜ੍ਹੋ ਇਹ ਖਬਰ ਵੀ  -  ਕੋਰੋਨਾ : ਦੇਸ਼ ਭਰ ’ਚ ਮਰੀਜ਼ਾਂ ਦੀ ਗਿਣਤੀ ਵਧੀ, ਚੰਡੀਗੜ੍ਹ ’ਚ ਸਾਹਮਣੇ ਆਇਆ ਪਾਜੀਟਿਵ ਕੇਸ


rajwinder kaur

Content Editor

Related News