ਦਰੇਸੀ ਦੇ ਕਿਲਾ ਮੁਹੱਲਾ ''ਚ ਹੋਈ ਮੌਕ ਡਰਿੱਲ, ਲੋਕ ਸੱਚ ਸਮਝ ਬੈਠੇ
Tuesday, Mar 17, 2020 - 12:53 PM (IST)
ਲੁਧਿਆਣਾ (ਰਾਜ) : ਦਰੇਸੀ ਦੇ ਕਿਲਾ ਮੁਹੱਲਾ ਇਲਾਕੇ ਨੂੰ ਸਵੇਰੇ ਪੁਲਸ ਨੇ ਸੀਲ ਕਰ ਦਿੱਤਾ। ਇਕ-ਇਕ ਕਰਕੇ ਪੁਲਸ, ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਇਕ ਗਲੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਦੇਖ ਕੇ ਇਲਾਕੇ ਦੇ ਲੋਕ ਸਹਿਮ ਗਏ। ਪਹਿਲਾਂ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ। ਫਿਰ ਇਕ ਐਂਬੂਲੈਂਸ ਆਈ ਅਤੇ ਇਕ ਘਰ ਦੇ ਅੰਦਰ ਗਈ, ਜਿੱਥੇ ਇਕ ਲੜਕੀ ਨੂੰ ਸਟਰੈਚਰ 'ਤੇ ਲਿਟਾ ਕੇ ਬਾਹਰ ਲਿਆਂਦਾ ਗਿਆ। ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਮਾਸਕ ਪਾਏ ਹੋਏ ਸਨ ਅਤੇ ਹੱਥਾਂ 'ਚ ਦਸਤਾਨੇ। ਇਹ ਦੇਖ ਕੇ ਇਲਾਕੇ ਦੇ ਲੋਕ ਇਹ ਸਮਝਣ ਲੱਗੇ ਕਿ ਕੋਈ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਉਨ੍ਹਾਂ ਦੇ ਇਲਾਕੇ 'ਚ ਹਨ, ਜਿਸ ਕਾਰਨ ਭਾਰੀ ਪੁਲਸ ਫੋਰਸ ਨਾਲ ਸਿਹਤ ਵਿਭਾਗ ਦੇ ਅਧਿਕਾਰੀ ਆਏ ਹਨ ਪਰ ਬਾਅਦ 'ਚ ਜਦੋਂ ਪੁਲਸ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਨੇ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਤਾਂ ਜਾ ਕੇ ਲੋਕਾਂ ਦੇ ਸਾਹ 'ਚ ਸਾਹ ਆਇਆ। ਫਿਰ ਉਨ੍ਹਾਂ ਨੂੰ ਪੂਰੇ ਘਟਨਾਕ੍ਰਮ ਦਾ ਪਤਾ ਲੱਗ ਗਿਆ ਕਿ ਇਹ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਲਿਜਾਣ ਨਹੀਂ, ਸਗੋਂ ਇਹ ਸਾਰੇ ਵਿਭਾਗ ਦੀ ਇਕ ਮੌਕ ਡਰਿੱਲ ਹੈ, ਜੋ ਕਿ ਜਾਗਰੂਕ ਕਰਨ ਲਈ ਕੀਤੀ ਜਾ ਰਹੀ ਹੈ। ਚਾਰ ਘੰਟੇ ਤੱਕ ਇਹ ਪ੍ਰੋਸੈੱਸ ਚੱਲਿਆ, ਭਾਵੇਂ ਕਿ ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਹੋਈ। ਦਰਅਸਲ, ਸੋਮਵਾਰ ਪੁਲਸ ਨੂੰ ਦਰੇਸੀ ਦੇ ਕਿਲਾ ਮੁਹੱਲਾ ਇਲਾਕੇ 'ਚ ਇਕ ਮੌਕ ਡਰਿੱਲ ਕੀਤੀ ਗਈ ਕਿ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉੱਥੇ ਸਾਰੇ ਵਿਭਾਗ ਆਪਣਾ-ਆਪਣਾ ਕੰਮ ਕਰਨ।