ਹੁਣ ''ਮੋਬਾਇਲ ਵਰਕਫੋਰਸ ਅਸੈਂਸ਼ੀਅਲਸ'' ਐਪ ਨਾਲ ਹੋਵੇਗੀ ਵੋਟਰਾਂ ਦੀ ਵੈਰੀਫਿਕੇਸ਼ਨ
Saturday, Mar 09, 2019 - 09:34 AM (IST)
ਮੋਹਾਲੀ (ਨਿਆਮੀਆਂ) : ਬੂਥ ਲੈਵਲ ਅਫਸਰ (ਬੀ. ਐੱਲ. ਓਜ਼) ਹੁਣ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਮੋਬਾਇਲ ਵਰਕਫੋਰਸ ਅਸੈਂਸ਼ੀਅਲਸ ਐਪ ਨਾਲ ਕਰ ਸਕਣਗੇ। ਇਹ ਜਾਣਕਾਰੀ ਮੁੱਖ ਕਾਰਜ ਅਧਿਕਾਰੀ-ਕਮ-ਸਕੱਤਰ ਭਾਰਤ ਚੋਣ ਕਮਿਸ਼ਨ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਇਥੇ ਵੋਟਰਾਂ ਦੇ ਵੈਰੀਫਿਕੇਸ਼ਨ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਬੀ. ਐੱਲ. ਓਜ਼ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ ਹੈ ਅਤੇ ਜੇਕਰ ਇਹ ਤਜਰਬਾ ਸਫਲ ਰਿਹਾ ਤਾਂ ਇਸ ਨੂੰ ਪੂਰੇ ਪੰਜਾਬ 'ਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਬੀ. ਐੱਲ. ਓਜ਼ ਨੂੰ ਕਿਹਾ ਕਿ ਅਗਲੇ ਇਕ ਮਹੀਨੇ ਤਕ ਉਹ ਆਪਣੇ ਚੋਣ ਬੂਥਾਂ ਅਧੀਨ ਆਉਂਦੇ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਕਰਕੇ ਉਨ੍ਹਾਂ ਦੀ ਗਿਣਤੀ ਅਤੇ ਹੋਰ ਵੇਰਵੇ ਇਸ ਐਪ ਰਾਹੀਂ ਭੇਜਣ, ਤਾਂ ਜੋ ਵੋਟਰ ਵੈਰੀਫਿਕੇਸ਼ਨ ਦੇ ਕੰਮ ਨੂੰ ਹੋਰ ਸਹੂਲਤ ਭਰਪੂਰ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਚਲਾਉਣ ਲਈ ਹਰੇਕ ਬੀ. ਐੱਲ. ਓ. ਦਾ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਹੋਵੇਗਾ, ਜਿਸ ਨਾਲ ਉਹ ਇਸ ਐਪ ਨੂੰ ਚਲਾ ਸਕਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਪ੍ਰੀਤ ਕੌਰ ਸਪਰਾ ਨੇ ਬੀ. ਐੱਲ. ਓਜ਼ ਨੂੰ ਕਿਹਾ ਕਿ ਕੋਈ ਵੀ ਵੋਟਰ, ਜਿਸ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੋਵੇ ਅਤੇ ਵੋਟ ਨਾ ਬਣੀ ਹੋਵੇ, ਦੀ ਵੋਟ ਜ਼ਰੂਰ ਬਣਾਈ ਜਾਵੇ ਅਤੇ ਇਸ ਮੁਹਿੰਮ ਦੌਰਾਨ ਦਿਵਿਆਂਗਜਨ, ਐੱਨ. ਆਰ. ਆਈ. ਅਤੇ ਥਰਡ ਜੈਂਡਰ ਦੀ ਵੋਟ ਬਣਾਉਣ ਨੂੰ ਤਰਜੀਹ ਦਿੱਤੀ ਜਾਵੇ, ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।