ਮੋਬਾਇਲ ਵਿੰਗ ਨੇ ਟਰਾਂਸਪੋਰਟਰ ''ਤੇ ਮਾਰਿਆ ਛਾਪਾ

10/17/2017 2:52:21 AM

ਲੁਧਿਆਣਾ(ਸੇਠੀ)-ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੀ ਮੋਬਾਇਲ ਵਿੰਗ ਚੰਡੀਗੜ੍ਹ ਦੀ ਟੀਮ ਨੇ ਸਥਾਨਕ ਟਰਾਂਸਪੋਰਟ ਨਗਰ 'ਚ ਇਕ ਟਰਾਂਸਪੋਰਟ 'ਤੇ ਛਾਪਾ ਮਾਰਿਆ ਅਤੇ ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਨੂੰ ਇਸ 'ਚ ਭਾਰੀ ਸਫਲਤਾ ਮਿਲੀ ਹੈ। ਪਤਾ ਲੱਗਾ ਕਿ ਟੀਮ ਨੂੰ 2 ਟਰੱਕ ਮਾਲ ਨਾਲ ਭਰੇ ਤੇ ਸੈਂਕੜੇ ਨਗ ਬਰਾਮਦ ਹੋਏ ਹਨ, ਜਿਨ੍ਹਾਂ ਦੇ ਮੌਕੇ 'ਤੇ ਮਿਲੇ ਬਿੱਲਾਂ ਦੀ ਜਾਂਚ ਕਰਨ ਲਈ ਟੀਮ ਸਾਰੇ ਬਿੱਲ ਨਾਲ ਲੈ ਗਈ ਹੈ। ਇਹ ਕਾਰਵਾਈ ਸ਼ਿਕਾਇਤ ਦੇ ਬਿਨਾਂ ਕੀਤੀ ਗਈ ਕਿਉਂਕਿ ਵਿਭਾਗ ਦੇ ਕੋਲ ਇਸ ਤਰ੍ਹਾਂ ਦੀਆਂ ਬਹੁਤ ਸ਼ਿਕਾਇਤਾਂ ਆਈਆਂ ਸਨ, ਜਿਸ 'ਤੇ ਟਰਾਂਸਪੋਰਟ ਨਗਰ 'ਚ ਹੋ ਰਹੇ ਗੋਰਖਧੰਦੇ ਨੂੰ ਨੁਕੇਲ ਪਾਈ ਜਾ ਸਕੇ। ਇਸ ਟੀਮ 'ਚ ਚੰਡੀਗੜ੍ਹ ਤੋਂ ਐੱਸ. ਟੀ. ਓ. ਅਸ਼ੋਕ ਕੁਮਾਰ, ਅਨੀਸ਼ ਕੁਮਾਰ ਅਤੇ ਲੁਧਿਆਣਾ ਤੋਂ ਮੇਜਰ ਮਨਮੋਹਨ ਸਿੰਘ, ਇੰਦਰਜੀਤ ਸਿੰਘ ਅਤੇ ਧਰਮਿੰਦਰ ਸ਼ਾਮਿਲ ਸਨ। ਟੀਮ ਨੇ ਹਰ ਮਾਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਮਿਲੇ ਬਿੱਲਾਂ ਦਾ ਮਿਲਾਨ ਬਾਅਦ 'ਚ ਕੀਤਾ ਜਾਵੇਗਾ।
ਮਹਾਨਗਰ 'ਚ ਵੱਡੇ ਪੱਧਰ 'ਤੇ ਚੱਲਦਾ ਹੈ ਟਰਾਂਸਪੋਰਟ ਦਾ ਗੋਰਖਧੰਦਾ
ਇਸ ਛਾਪੇ ਦਾ ਕਾਰਨ ਇਹ ਹੈ ਕਿ ਮਹਾਨਗਰ 'ਚ ਬਿਨਾਂ ਬਿੱਲ ਦੇ ਮਾਲ ਲਿਜਾਣ ਤੇ ਲੈ ਕੇ ਆਉਣ ਦਾ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਅਤੇ ਇਹ ਬਿਨਾਂ ਕਿਸੇ ਮਿਲੀਭੁਗਤ ਤੋਂ ਸੰਭਵ ਨਹੀਂ ਹੈ। ਸੂਤਰ ਦੱਸਦੇ ਹਨ ਕਿ ਪ੍ਰਤੀ ਦਿਨ ਸਥਾਨਕ ਟਰਾਂਸਪੋਰਟ ਨਗਰ 'ਚ 25 ਤੋਂ 30 ਟਰੱਕ ਮਹਾਰਾਸ਼ਟਰ, ਦਿੱਲੀ ਅਤੇ ਅਹਿਮਦਾਬਾਦ ਵੱਲ ਜਾਂਦੇ ਹਨ ਅਤੇ ਉਸੇ ਤਰਜ਼ 'ਤੇ ਵਾਪਸ ਆਉਂਦੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਈ. ਸੀ. ਸੀ. ਬੈਰੀਅਰ ਦਾ ਡਰ ਸੀ ਪਰ ਹੁਣ ਇਨ੍ਹਾਂ ਦੇ ਉਠ ਜਾਣ ਨਾਲ ਇਸ ਦਾ ਡਰ ਖਤਮ ਹੋ ਗਿਆ, ਜਿਸ ਕਾਰਨ 2 ਨੰਬਰ ਦਾ ਧੰਦਾ ਤੇਜ਼ੀ ਨਾਲ ਵਧ ਰਿਹਾ ਹੈ।
 


Related News