12 ਲੱਖ ਖਰਚੇ ਪਰ ਮਹਿਲਾ ਪੁਲਸ ਕਰਮਚਾਰੀਆਂ ਨੂੰ ਨਹੀਂ ਮਿਲੀ ਮੋਬਾਇਲ ਟਾਇਲਟਸ ਦੀ ਸਹੂਲਤ
Monday, Jun 12, 2017 - 08:14 AM (IST)
ਚੰਡੀਗੜ੍ਹ (ਸੰਦੀਪ) - ਸ਼ਹਿਰ ਦੇ ਚੌਰਾਹਿਆਂ 'ਤੇ ਤਾਇਨਾਤ ਮਹਿਲਾ ਟ੍ਰੈਫਿਕ ਤੇ ਪੀ. ਸੀ. ਆਰ. ਮਹਿਲਾ ਕਰਮਚਾਰੀਆਂ ਲਈ ਇਕ ਸਾਲ ਪਹਿਲਾਂ ਪੁਲਸ ਵਿਭਾਗ ਵਲੋਂ 12 ਲੱਖ ਰੁਪਏ ਖਰਚ ਕਰਕੇ 2 ਮੋਬਾਇਲ ਟਾਇਲਟਸ ਖਰੀਦੇ ਗਏ ਸਨ ਪਰ ਇਨ੍ਹਾਂ ਨੂੰ ਇਕ ਤੋਂ ਦੂਸਰੀ ਥਾਂ 'ਤੇ ਲਿਜਾਣ ਲਈ ਪੁਲਸ ਵਿਭਾਗ ਕੋਲ ਕੋਈ ਵਾਹਨ ਨਹੀਂ ਹੈ। ਇਕ ਸਾਲ ਤੋਂ ਇਹ ਪੁਲਸ ਲਾਈਨ 'ਚ ਹੀ ਖੜ੍ਹੇ ਹਨ। ਚੌਰਾਹਿਆਂ ਤੇ ਹੋਰ ਥਾਵਾਂ 'ਤੇ ਤਾਇਨਾਤ ਮਹਿਲਾ ਪੁਲਸ ਕਰਮਚਾਰੀਆਂ ਨੂੰ ਟਾਇਲਟਸ ਨਾ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਲਗਾਤਾਰ ਮਹਿਲਾ ਕਰਮਚਾਰੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ, ਜਿਸ ਮਗਰੋਂ ਵਿਭਾਗ ਵਲੋਂ ਮੋਬਾਇਲ ਟਾਇਲਟਸ ਦੀ ਯੋਜਨਾ ਤਿਆਰ ਕੀਤੀ ਗਈ ਸੀ।
12 ਲੱਖ ਰੁਪਏ ਖਰਚ ਕਰਕੇ ਦੋ ਮੋਬਾਇਲ ਟਾਇਲਟਸ ਖਰੀਦੇ ਗਏ। ਸ਼ਹਿਰ ਨੂੰ ਦੋ ਡਵੀਜ਼ਨਾਂ 'ਚ ਵੰਡ ਕੇ ਇਨ੍ਹਾਂ ਮੋਬਾਇਲ ਟਾਇਲਟਸ ਨੂੰ ਫੀਲਡ 'ਚ ਉਤਾਰਿਆ ਜਾਣਾ ਸੀ। ਸਮਾਂਸਾਰਨੀ ਬਣਾ ਕੇ ਇਨ੍ਹਾਂ ਨੂੰ ਚੌਰਾਹਿਆਂ ਤੇ ਹੋਰ ਪੁਆਇੰਟਾਂ 'ਤੇ 10 ਤੋਂ 15 ਮਿੰਟ ਲਈ ਖੜ੍ਹਾ ਕੀਤਾ ਗਿਆ ਸੀ ਪਰ ਇਨ੍ਹਾਂ ਨੂੰ ਖਰੀਦਣ ਵੇਲੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਇਨ੍ਹਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਲਿਜਾਣ ਲਈ ਵਾਹਨ ਦੀ ਵੀ ਲੋੜ ਹੁੰਦੀ ਹੈ, ਇਸ ਤਰ੍ਹਾਂ ਇੰਨੇ ਪੈਸੇ ਖਰਚਣ ਦਾ ਵੀ ਲਾਭ ਨਹੀਂ ਮਿਲਿਆ।
