ਹਾਈ ਸਕਿਊਰਟੀ ਦੇ ਬਾਵਜੂਦ ਫਿਰੋਜ਼ਪੁਰ ਜੇਲ੍ਹ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, 4 ਮੋਬਾਇਲ ਬਰਾਮਦ

06/06/2022 4:14:38 PM

ਫਿਰੋਜ਼ਪੁਰ(ਕੁਮਾਰ): ਫਿਰੋਜ਼ਪੁਰ ਦੀ ਜੇਲ੍ਹ ਹਾਈ ਸਕਿਊਰਟੀ ’ਤੇ ਹੈ ਅਤੇ ਜੇਲ੍ਹ ਦੀਆਂ ਕੰਧਾਂ ’ਤੇ ਬਿਜਲੀ ਦੀਆਂ ਤਾਰਾਂ ਲਗਾਉਣ ਦੇ ਬਾਵਜੂਦ ਸ਼ਰਾਰਤੀ ਅਨਸਰ ਬਾਹਰੋਂ ਪੈਕੇਟ ਬਣਾ ਕੇ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਅੰਦਰ ਸੁੱਟ ਰਹੇ ਹਨ। ਤਲਾਸ਼ੀ ਮੁਹਿੰਮ ਦੌਰਾਨ ਇਸ ਚਰਚਿਤ ਜੇਲ੍ਹ ਵਿੱਚੋਂ 4 ਹੋਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੈਲਾਸ਼ ਵੱਲੋਂ ਥਾਣਾ ਸਿਟੀ ਨੂੰ ਭੇਜੇ ਪੱਤਰ ਦੇ ਆਧਾਰ ’ਤੇ ਪੁਲਸ ਨੇ ਹਵਾਲਾਤੀ ਨਮਨਦੀਪ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੁਲਸ ਦੀ ਮੁਸਤੈਦੀ ਕਾਰਨ ਬੈਂਕ ਲੁੱਟਣ ਦੀ ਵੱਡੀ ਵਾਰਦਾਤ ਹੋਈ ਅਸਫ਼ਲ, ਦੋ ਵਿਅਕਤੀ ਮੌਕੇ ’ਤੇ ਕੀਤੇ ਕਾਬੂ

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਬੈਰਕ ਨੰਬਰ 8 ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਨਮਨਦੀਪ ਸਿੰਘ ਪਾਸੋਂ ਇਕ ਏਅਰਟੈੱਲ ਸਿਮ ਕਾਰਡ ਸਮੇਤ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਤੋਂ ਬਾਅਦ ਪੁਲਸ ਵੱਲੋਂ ਤਲਾਸ਼ੀ ਮੁਹਿੰਮ 'ਚ ਵੱਖ-ਵੱਖ ਏਰੀਆ ’ਚ ਤਲਾਸ਼ੀ ਲੈਣ ’ਤੇ 3 ਏਅਰਟੈੱਲ ਅਤੇ ਆਈਡੀਆ ਦੇ ਸਿਮ ਕਾਰਡਾਂ ਸਮੇਤ ਸੈਮਸੰਗ ਟੱਚ ਸਕਰੀਨ, ਸੈਮਸੰਗ ਕੀਪੈਡ ਅਤੇ ਓਪੋ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਵੱਖ-ਵੱਖ ਨਾਵਾਂ ’ਤੇ ਚੱਲ ਰਹੇ ਇਹ ਸਿਮ ਕਾਰਡ ਵਾਲੇ ਮੋਬਾਈਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੇ? ਅਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਇਹ ਮੋਬਾਈਲ ਫੋਨ ਪਹੁੰਚਾਉਣ ਵਾਲਾ ਵਿਅਕਤੀ ਕੌਣ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News